ਬਰਨਾਲਾ : ਪੰਜਾਬ ਸਰਕਾਰ ਵਲੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸੁਖਬੀਰ ਬਾਦਲ ਪ੍ਰਤੀ ਟਿੱਪਣੀਆਂ ਨੂੰ ਲੈ ਕੇ ਅਕਾਲੀ ਦਲ ਵਿੱਚ ਰੋਸ ਪਾਇਆ ਜਾ ਰਿਹਾ ਹੈ। ਬਰਨਾਲਾ ਵਿਖੇ ਐਸਜੀਪੀਸੀ ਦੇ ਅੰਤ੍ਰਿਗ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ ਅਤੇ ਅਤੇ ਅਕਾਲੀ ਆਗੂਆਂ ਨੇ ਸਰਕਾਰ ਵਲੋਂ ਗੁਰਬਾਣੀ ਪ੍ਰਸਾਰਨ ਨੂੰ ਲੈ ਕੀਤੀ ਗਈ ਸੋਧ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਟਿੱਪਣੀਆਂ ਦੀ ਨਿਖੇਧੀ ਕੀਤੀ ਹੈ।ਸਰਕਾਰ ਦੇ ਇਸ ਕਦਮ ਨੂੰ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਦੱਸਿਆ ਹੈ। ਅਕਾਲੀ ਆਗੂ ਸਤਨਾਮ ਸਿੰਘ ਰਾਹੀ ਨੇ ਸੁਖਬੀਰ ਬਾਦਲ ਦੀ ਦਾਹੜੀ ਪ੍ਰਤੀ ਕੀਤੀ ਟਿੱਪਣੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਹਾਈਕੋਰਟ ਜਾਣ ਦੀ ਗੱਲ ਵੀ ਆਖੀ ਹੈ। ਉਥੇ ਮੁੱਖ ਮੰਤਰੀ ਦੀ ਇਸ ਟਿੱਪਣੀ ਨੂੰ ਸਮੁੱਚੀ ਸਿੱਖ ਕੌਮ ਦਾ ਨਿਰਾਦਰ ਕਿਹਾ ਗਿਆ ਹੈ। ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਨੂੰ ਆਪਣੀ ਇਸ ਟਿੱਪਣੀ ਪ੍ਰਤੀ ਸਮੁੱਚੀ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਸਰਕਾਰ ਨੇ ਐਸਜੀਪੀਸੀ ਦੇ ਕੰਮਾਂ ਵਿੱਚ ਦਖਲ ਨਹੀਂ ਦਿੱਤਾ : ਇਸ ਮੌਕੇ ਐਸਜੀਪੀਸੀ ਦੇ ਅੰਤ੍ਰਿਗ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਸ੍ਰੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ 100 ਤੋਂ ਵੱਧ ਸਾਲਾਂ ਤੋਂ ਸਿੱਖਾਂ ਦੀ ਨੁਮਾਇੰਦਗੀ ਕਰ ਰਹੀ ਹੈ। ਕਿਸੇ ਵੀ ਸਰਕਾਰ ਨੇ ਕਦੇ ਐਸਜੀਪੀਸੀ ਦੇ ਪ੍ਰਬੰਧਾਂ ਵਿੱਚ ਦਖ਼ਲ ਨਹੀਂ ਦਿੱਤਾ। ਪਰ ਅੱਜ ਦੀ ਮੌਜੂਦਾ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਐਸਜੀਪੀਸੀ ਦੇ ਪ੍ਰਬੰਧਾਂ ਵਿੱਚ ਦਖ਼ਲ ਅੰਦਾਜ਼ੀ ਕਰ ਰਹੀ ਹੈ। ਜੋ ਬਹੁਤ ਗਲਤ ਹੈ। ਸਰਕਾਰ ਗੁਰਬਾਣੀ ਦੇ ਸਿੱਧਾ ਪ੍ਰਸਾਰਨ ਨੂੰ ਲੈ ਕੇ ਐਕਟ ਵਿੱਚ ਸੋਧਾਂ ਕਰਨ ਦੀਆਂ ਕੋਸਿਸ਼ਾਂ ਕਰ ਰਹੀ ਹੈ, ਜੋ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਵੀ ਨਹੀਂ ਹੈ। ਜਦਕਿ ਐਸਜੀਪੀਸੀ ਨੇ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਦਾ ਕੰਮ ਦੇਖਣਾ ਹੁੰਦਾ ਹੈ। ਇਸ ਵਿੱਚ ਸੋਧ ਕਰਨ ਦਾ ਹੱਕ ਵੀ ਐਸਜੀਪੀਸੀ ਕੋਲ ਹੀ ਹੈ। ਇਸ ਲਈ ਐਸਜੀਪੀਸੀ ਪਹਿਲਾਂ ਜਨਰਲ ਇਜਲਾਸ ਬੁਲਾ ਕੇ ਮਤਾ ਪਾਸ ਕਰਦੀ ਹੈ ਅਤੇ ਬਾਅਦ ਵਿੱਚ ਇਹ ਮਤਾ ਕੇਂਦਰ ਸਰਕਾਰ ਨੂੰ ਭੇਜਿਆ ਜਾਦਾ ਹੈ। ਜਿਸਨੂੰ ਕੇਂਦਰ ਸਰਕਾਰ ਵਲੋਂ ਮੰਗ ਅਨੁਸਾਰ ਸੋਧ ਕੀਤੀ ਜਾਂਦੀ ਹੈ।
ਧਾਮੀ ਦੀ ਡਿਗਰੀ ਉਪਰ ਵੀ ਮੁੱਖ ਮੰਤਰੀ ਨੂੰ ਇਤਰਾਜ਼ : ਉਹਨਾਂ ਸਰਕਾਰ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਦੇਣ ਦੀ ਕੋਸਿਸ਼ ਕਰ ਰਹੀ ਹੈ, ਜੋ ਬਹੁਤ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦਾਹੜੀ ਨੂੰ ਲੈ ਕੇ ਟਿੱਪਣੀ ਕਰਨਾ ਵੀ ਬਹੁਤ ਨਿੰਦਣਯੋਗ ਹੈ। ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਡਿਗਰੀ ਉਪਰ ਵੀ ਮੁੱਖ ਮੰਤਰੀ ਇਤਰਾਜ਼ ਉਠਾ ਰਹੇ ਹਨ, ਜੋ ਬਹੁਤ ਗਲਤ ਹੈ। ਉਹਨਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ 1984 ਤੋਂ ਲੈ ਕੇ ਜੇਲ੍ਹਾਂ ਵਿੱਚ ਬੰਦ ਸਿੱਖ ਨੌਜਵਾਨਾਂ ਦੀ ਕਾਨੂੰਨੀ ਲੜਾਈ ਲੜਦੇ ਆ ਰਹੇ ਹਨ। ਮੁੱਖ ਮੰਤਰੀ ਵਲੋਂ ਪੰਥਕ ਸਖਸੀਅਤਾਂ ਵਿਰੁੱਧ ਇਸ ਤਰ੍ਹਾਂ ਦੀਆਂ ਗਲਤ ਟਿੱਪਣੀਆ ਕਰਨੀਆਂ ਬਹੁਤ ਮੰਦਭਾਗੀਆਂ ਹਨ। ਉਹਨਾਂ ਕਿਹਾ ਕਿ ਐਸਜੀਪੀਸੀ ਅੱਜ ਵੀ ਗੁਰਬਾਣੀ ਪ੍ਰਸਾਰਨ ਲਈ ਪਾਬੰਦ ਹੈ। ਸਾਰੀ ਸਿੱਖ ਕੌਮ ਨੂੰ ਮੁਫ਼ਤ ਗੁਰਬਾਣੀ ਪ੍ਰਸਾਰਨ ਦੀ ਸਹੂਲਤ ਮਿਲ ਹੈ। ਸਰਕਾਰ ਬੇਵਜਾ ਇਹ ਮੁੱਦਾ ਉਠਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
ਇਸ ਦੌਰਾਨ ਅਕਾਲੀ ਦਲ ਦੇ ਹਲਕਾ ਭਦੌੜ ਤੋਂ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀਂ ਨੇ ਕਿਹਾ ਕਿ 20 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਦਾੜੀ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਟਿੱਪਣੀ ਕੀਤੀ ਹੈ। ਅਜਿਹਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੁੱਚੀ ਸਿੱਖ ਕੌਮ ਉਪਰ ਇਹ ਟਿੱਪਣੀ ਕੀਤੀ ਹੈ, ਜੋ ਬਹੁਤ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਹੋਈ ਸੀ। ਉਸ ਮੌਕੇ ਹੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਦਾਹੜੀ ਖੋਲ੍ਹ ਲਈ ਸੀ, ਕਿਉਂਕਿ ਉਹ ਖ਼ੁਦ ਅੰਮ੍ਰਿਤਧਾਰੀ ਹਨ। ਪੰਜਾਬ ਵਿੱਚ ਇਸ ਵੇਲੇ ਕੋਈ ਇਲੈਕਸ਼ਨ ਵੀ ਨਹੀਂ ਹੈ। ਪਰ ਪੰਜਾਬ ਦੇ ਮੁੱਖ ਮੰਤਰੀ ਵਲੋਂ ਦਾਹੜੀ ਉਪਰ ਇਸ ਤਰ੍ਹਾਂ ਦੀ ਗਲਤ ਟਿੱਪਣੀ ਕਰਨੀ ਬਹੁਤ ਗਲਤ ਹੈ। ਇਸ ਨਾਲ ਉਹਨਾਂ ਸਿੱਖ ਧਰਮ ਦਾ ਨਿਰਾਦਰ ਕੀਤਾ ਹੈ। ਜਿਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਮੁੱਚੀ ਸਿੱਖ ਕੌਮ ਤੋਂ ਮੁਆਫ਼ੀ ਮੰਗਣ। ਉਹਨਾਂ ਕਿਹਾ ਕਿ ਇਕੱਲਾ ਅਕਾਲੀ ਦਲ ਹੀ ਨਹੀਂ ਬਲਕਿ ਸਮੁੱਚੀ ਸਿੱਖ ਕੌਮ ਨੂੰ ਇਸ ਗੱਲ ਦਾ ਬੁਰਾ ਲੱਗਿਆ ਹੈ।
- ਆਮ ਤੋਂ ਲੈਕੇ ਖ਼ਾਸ ਤੱਕ ਗੈਂਗਸਟਰ ਗੋਲਡੀ ਬਰਾੜ ਦੀ ਦਹਿਸ਼ਤ, ਜਾਣੋ ਹੁਣ ਤੱਕ ਕਿਸ-ਕਿਸ ਨੂੰ ਦਿੱਤੀ ਧਮਕੀ ?
- ਬਠਿੰਡਾ : ਡਿਪੂ ਹੋਲਡਰਾਂ ਨੇ ਵੰਡਿਆ ਨਾ ਖਾਣ-ਯੋਗ ਰਾਸ਼ਨ, ਖੇਤ ਮਜ਼ਦੂਰ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ
- ਅਹੁਦਾ ਛੱਡਣ ਤੋਂ ਬਾਅਦ ਬੋਲੇ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ, ਕਿਹਾ-'ਮੈਨੂੰ ਲੱਗ ਰਿਹਾ ਸੀ ਕਿ ਮੇਰੇ 'ਤੇ ਵੱਧ ਰਿਹਾ ਸਿਆਸੀ ਦਬਾਅ'!
ਐਡਵੋਕੇਟ ਰਾਹੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਗੀ ਸਿੰਘਾਂ ਉਪਰ ਵੀ ਗਲਤ ਟਿੱਪਣੀ ਕੀਤੀ ਹੈ ਕਿ ਉਹ ਕੀਰਤਨ ਛੱਡ ਕੇ ਖੜੇ ਹੋ ਜਾਂਦੇ ਹਨ। ਅਜਿਹੀ ਟਿੱਪਣੀ ਸਮੁੱਚੀ ਰਾਗੀ ਸਿੰਘਾਂ ਦੀ ਬੇਇਜ਼ਤੀ ਹੈ। ਇਹ ਦੋਵੇਂ ਟਿੱਪਣੀਆਂ ਬਹੁਤ ਹੀ ਨਿੰਦਣਯੋਗ ਹਨ। ਉਹਨਾਂ ਕਿਹਾ ਕਿ ਬਰਨਾਲਾ ਦੀ ਅਕਾਲੀ ਦਲ ਦੀ ਲੀਡਰਸਿਪ ਬਹੁਤ ਜਲਦ ਐਸਐਸਪੀ ਬਰਨਾਲਾ ਨੂੰ ਮਿਲ ਲੈ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਤਹਿਤ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਜਾਵੇਗੀ। ਜੇਕਰ ਪੁਲਿਸ ਨੇ ਇਸ ਸਬੰਧੀ ਕੋਈ ਐਕਸ਼ਨ ਨਾ ਲਿਆ ਤਾਂ ਉਹ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਉਣਗੇ।