ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਇਕੱਠੇ ਅੰਦੋਲਨ ਲੜਨ ਵਾਲੀਆਂ ਪੰਜਾਬ ਦੀਆਂ ਦੋ ਵੱਡੀਆਂ ਕਿਸਾਨ ਜੱਥੇਬੰਦੀਆਂ ਬਰਨਾਲਾ ਜ਼ਿਲ੍ਹੇ ਵਿੱਚ ਆਪਸ ਵਿੱਚ ਭਿੜ (Clashes between two farmer organizations) ਗਈਆਂ। ਇਹ ਮਾਮਲਾ ਬਰਨਾਲਾ ਦੇ ਕਸਬਾ ਮਹਿਲ ਕਲਾਂ ਦਾ ਹੈ। ਜਿੱਥੇ ਬਰਨਾਲਾ ਲੁਧਿਆਣਾ ਲੋੜ ’ਤੇ ਟੋਲ ਪਲਾਜ਼ਾ ਉੱਪਰ ਟੋਲ ਪਰਚੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਅਲੱਗ ਅਲੱਗ ਮੋਰਚੇ ਲੱਗੇ ਹੋਏ ਸਨ।
ਇੰਨ੍ਹਾਂ ਵਿੱਚੋਂ ਇੱਕ ਜੱਥੇਬੰਦੀ ਵੱਲੋਂ ਆਉੁਣ ਜਾਣ ਵਾਲੇ ਟਰੱਕਾਂ-ਗੱਡੀਆਂ ਵਾਲਿਆਂ ਦੀ ਪਰਚੀ ਕੱਟੀ ਜਾ ਰਹੀ ਸੀ, ਜਿਸਦਾ ਦੂਜੀ ਜੱਥੇਬੰਦੀ ਵੱਲੋਂ ਵਿਰੋਧ ਕੀਤਾ ਗਿਆ ਅਤੇ ਆਪਣੇ ਸਪੀਕਰ ਤੋਂ ਗੁੰਡਾ ਪਰਚੀ ਕਰਾਰ ਦਿੱਤਾ ਗਿਆ। ਜਿਸਤੋਂ ਬਾਅਦ ਦੋਵੇਂ ਧਿਰਾਂ ਵਿੱਚ ਵਿਵਾਦ ਖੜਾ ਹੋ ਗਿਆ। ਇਸ ਉਪਰੰਤ ਧਰਨੇ ਦੌਰਾਨ ਦੋਵੇਂ ਜੱਥੇਬੰਦੀਆਂ ਦੇ ਆਗੂ ਗਾਲੋਗਾਲੀ ਹੋਣ ਤੋਂ ਬਾਅਦ ਭਿੜ ਗਏ। ਇਸ ਖਿੱਚੋਤਾਣ ਵਿਚ ਇੱਕ ਕਿਸਾਨ ਦੀ ਪੱਗ ਲੱਥ ਗਈ। ਇਸ ਸਬੰਧੀ ਭਲਕੇ ਦੋਵੇਂ ਕਿਸਾਨ ਜੱਥੇਬੰਦੀਆਂ ਵਲੋਂ ਇੱਕ ਦੂਜੇ ਵਿਰੁੱਧ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਟੋਲ ਪਲਾਜ਼ਾ ’ਤੇ ਦੋਵੇਂ ਜੱਥੇਬੰਦੀਆਂ ਨੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।
ਜਥੇਬੰਦੀਆਂ ਦੀ ਇਸ ਝੜਪ ਵਿੱਚ ਸ਼ਿਕਾਰ ਹੋਏ ਕਿਸਾਨ ਵੱਲੋਂ ਦੂਜੀ ਕਿਸਾਨ ਜਥੇਬੰਦੀ ਖਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਓਧਰ ਦੂਜੇ ਪਾਸੇ ਪੁਲਿਸ ਦਾ ਕਹਿਣੈ ਕਿ ਡਕੌਦਾ ਕਿਸਾਨ ਜਥੇਬੰਦੀ ਦੇ ਆਗੂ ਵੱਲੋਂ ਕੁੱਟਮਾਰ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਅਤੇ ਜਲਦ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਦੱਸ ਦਈਏ ਅੱਜ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਰਹੇ ਹਨ ਅਤੇ ਮੋਦੀ ਦੇ ਵਿਰੋਧ ਦਾ ਜੱਥੇਬੰਦੀਆਂ ਵਲੋਂ ਐਲਾਨ ਕੀਤਾ ਗਿਆ ਹੈ, ਪਰ ਉਸਤੋਂ ਪਹਿਲਾਂ ਹੀ ਦੋ ਵੱਡੀਆਂ ਕਿਸਾਨ ਜੱਥੇਬੰਦੀਆਂ ਦੇ ਆਪਸ ਵਿੱਚ ਭਿੜਨ ਸਹੀ ਨਹੀਂ ਠਹਿਰਾਇਆ ਜਾ ਰਿਹਾ ਹੈ। ਇਸ ਘਟਨਾਕ੍ਰਮ ਉਪਰ ਮੌਕੇ ’ਤੇ ਪਹੁੰਚ ਕੇ ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਕਾਬੂ ਪਾਇਆ ਗਿਆ।
ਇਹ ਵੀ ਪੜ੍ਹੋ: ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਕਰੀਬ 10 ਹਜ਼ਾਰ ਸੁਰੱਖਿਆ ਕਰਮਚਾਰੀ ਤਾਇਨਾਤ