ਬਰਨਾਲਾ: ਪਿੰਡ ਸੱਦੋਵਾਲ ਵਿਖੇ ਵਧਾਈ ਲੈਣ ਗਏ ਕਿੰਨਰਾਂ ਦੇ ਇੱਕ ਧੜੇ ਦੀ ਦੂਜੇ ਧੜੇ ਵੱਲੋਂ ਕੁੱਟਮਾਰ ਕਰ ਦਿੱਤੀ ਗਈ। ਇਸ ਕੁੱਟਮਾਰ ਦੌਰਾਨ ਚਾਰ ਕਿੰਨਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀ ਕਿੰਨਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦਾ ਕਿੰਨਰਾਂ ਦੇ ਦੂਜੇ ਗਰੁੱਪ ਨਾਲ ਪਿੰਡਾਂ ਦੀ ਵੰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸੇ ਵਿਵਾਦ ਕਾਰਨ ਦੂਜੇ ਗੁੱਟ ਦੇ ਲੋਕਾਂ ਨੂੰ ਨਾਲ ਲੈ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਇਸ ਹਮਲੇ ਵਿੱਚ ਜ਼ਖ਼ਮੀ ਹੋਏ ਖੁਸ਼ੀ ਮਹੰਤ ਨੇ ਦੱਸਿਆ ਕਿ ਉਹ ਪਿੰਡ ਸੱਦੋਵਾਲ ਵਿਖੇ ਵਧਾਈ ਲੈਣ ਗਏ ਸੀ, ਜਿੱਥੇ ਹਠੂਰ ਦੇ ਕਿਰਨਾ ਮਹੰਤ ਅਤੇ ਉਸ ਦੇ 15-20 ਵਿਅਕਤੀਆਂ ਨੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਉਨ੍ਹਾਂ ਦੇ ਚਾਰ ਮਹੰਤ ਜ਼ਖ਼ਮੀ ਹੋ ਗਏ ਅਤੇ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੀ ਜਾਨ ਬਚਾਈ।
ਜ਼ਖ਼ਮੀ ਹੋਏ ਕਿੰਨਰਾਂ ਦੇ ਵੱਡੇ ਮਹੰਤ ਠੰਡੀ ਮਹੰਤ ਅਤੇ ਤਮੰਨਾ ਮਹੰਤ ਨੇ ਦੱਸਿਆ ਕਿ ਵਧਾਈ ਮੰਗਣ ਨੂੰ ਲੈ ਕੇ ਉਨ੍ਹਾਂ ਦਾ ਹਠੂਰ ਦੇ ਕਿੰਨਰਾਂ ਨਾਲ ਵਿਵਾਦ ਚੱਲ ਰਿਹਾ ਹੈ। ਸੱਦੋਵਾਲ ਪਿੰਡ ਪਹਿਲਾਂ ਹਠੂਰ ਦੇ ਕਿੰਨਰਾਂ ਕੋਲ ਸੀ, ਜੋ ਉਨ੍ਹਾਂ ਨੇ ਪੈਸੇ ਦੇ ਕੇ ਉਨ੍ਹਾਂ ਤੋਂ ਖਰੀਦ ਲਿਆ ਸੀ। ਪਰ ਹੁਣ ਇਸ ਪਿੰਡ ਵਿੱਚ ਵਧਾਈ ਮੰਗਣ ਨੂੰ ਲੈ ਕੇ ਹਠੂਰ ਦੇ ਕਿੰਨਰਾਂ ਨਾਲ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਹਮਲਾ ਕਰਨ ਵਾਲੇ ਕਿੰਨਰਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਥਾਣਾ ਟੱਲੇਵਾਲ ਦੇ ਐਸ.ਐਚ.ਓ. ਅਮਨਦੀਪ ਕੌਰ ਨੇ ਦੱਸਿਆ ਕਿ ਦੋ ਕਿੰਨਰਾਂ ਦੇ ਗਰੁੱਪਾਂ ਵਿੱਚ ਇਲਾਕੇ ਦੀ ਵੰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸੇ ਵਿਵਾਦ ਦੇ ਚੱਲਦੇ ਕੁੱਝ ਕਿੰਨਰਾਂ ਦੀ ਕੁੱਟਮਾਰ ਕੀਤੀ ਗਈ ਹੈ, ਜਿਨ੍ਹਾਂ ਦੇ ਬਿਆਨ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।