ਬਰਨਾਲਾ: ਜ਼ਿਲ੍ਹਾ ਪੁਲਿਸ ਨੇ ਕਿਸੇ ਗੈਂਗਸਟਰ ਨੂੰ 3 ਲੱਖ ਰੁਪਏ ਰਿਸ਼ਵਤ ਲੈ ਕੇ ਛੱਡੇ ਜਾਣ ਦੇ ਦੋਸ਼ਾਂ ’ਚ ਦੋ ਪੁਲਿਸ ਮੁਲਾਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਬਰਨਾਲਾ ਪੁਲਿਸ ਨੇ ਐਸ.ਐਚ.ਓ. ਸਿਟੀ-1 ਅਤੇ ਬੱਸ ਸਟੈਂਡ ਚੌਂਕੀ ਇੰਚਾਰਜ 'ਤੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਦੋਵੇਂ ਪੁਲਿਸ ਮੁਲਾਜ਼ਮਾਂ ਦੀ ਕਿਸੇ ਵੀ ਸਮੇਂ ਗ੍ਰਿਫ਼ਤਾਰੀ ਹੋ ਸਕਦੀ ਹੈ।
ਇਸ ਸਬੰਧੀ ਐਸ.ਐਸ.ਪੀ. ਬਰਨਾਲਾ ਸੰਦੀਪ ਗੋਇਲ ਨੇ ਕਿਹਾ ਕਿ ਥਾਣਾ ਸਿਟੀ ਦੇ ਐਸ.ਐਚ.ਓ. ਬਲਜੀਤ ਸਿੰਘ ਅਤੇ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਪਵਨ ਕੁਮਾਰ ਵਿਰੁੱਧ ਰਿਸ਼ਵਤ ਦੇ ਦੋਸ਼ਾਂ ’ਚ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਿਸ਼ਵਤ ਮਾਮਲੇ ਵਿੱਚ ਡੀ.ਜੀ.ਪੀ. ਪੰਜਾਬ ਦੀਆਂ ਸਖ਼ਤ ਹਦਾਇਤਾਂ ’ਤੇ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੇ ਕਿਸੇ ਕੇਸ ਦੋਸ਼ੀ ਨੂੰ ਫ਼ਾਇਦਾ ਦੇਣ ਲਈ 3 ਲੱਖ ਰੁਪਏ ਰਿਸ਼ਵਤ ਲਈ ਸੀ।