ਬਰਨਾਲਾ : ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਅੱਜ ਬਰਨਾਲਾ ਦੇ ਹਲਕਾ ਭਦੌੜ ਅਧੀਨ ਪੈਂਦੇ ਸ਼ਹਿਰ ਤਪਾ ਵਿਖੇ ਪਹੁੰਚੇ। ਜਿਸ ਦੌਰਾਨ ਉਹਨਾਂ ਕਾਂਗਰਸ ਪਾਰਟੀ ਉਪਰ ਕਈ ਤੰਜ ਕਸੇ।
ਇਸ ਮੌਕੇ ਗੱਲਬਾਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਤੱਕ ਨਵਜੋਤ ਸਿੱਧੂ ਨੂੰ ਕੁਰਸੀ ਨਹੀਂ ਮਿਲੀ, ਉਦੋਂ ਤੱਕ ਉਹ ਪੰਜਾਬ ਦੇ ਬੇਅਦਬੀ, ਭ੍ਰਿਸਟਾਚਾਰ ਅਤੇ ਮਾਫ਼ੀਆ ਸਿਸਟਮ ਤੇ ਸਵਾਲ ਚੁਕਦੇ ਰਹੇ ਪ੍ਰੰਤੂ ਪ੍ਰਧਾਨਗੀ ਦੀ ਕੁਰਸੀ ਮਿਲਦਿਆਂ ਹੀ ਨਵਜੋਤ ਸਿੰਘ ਸਿੱਧੂ ਨੇ ਸਭ ਤੋਂ ਪਹਿਲਾਂ ਉਨ੍ਹਾਂ ਜੱਫੀ ਹੀ ਭ੍ਰਿਸ਼ਟ ਵਿਧਾਇਕਾਂ ਨੂੰ ਪਾਈ।
ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸ ਪਾਰਟੀ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਜਿਸ ਕਰਕੇ ਹੁਣ ਚਿਹਰਾ ਬਦਲਣ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੋਈ ਅਸਰ ਨਹੀਂ ਪੈਣਾ। ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਲਈ ਉਤਾਵਲੇ ਹਨ।
ਅੱਜ ਵੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚੋਂ ਸਭ ਤੋਂ ਵੱਧ ਨਫ਼ਰਤ ਵਾਲੀ ਪਾਰਟੀ
ਉਨ੍ਹਾਂ ਕਿਹਾ ਕਿ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚੋਂ ਸਭ ਤੋਂ ਵੱਧ ਨਫ਼ਰਤ ਵਾਲੀ ਪਾਰਟੀ ਸਮਝਿਆ ਜਾ ਰਿਹਾ ਹੈ। ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਲਈ ਕਾਂਗਰਸ ਦੇ ਨਾਲ ਨਾਲ ਸਭ ਤੋਂ ਵੱਡਾ ਰੋਲ ਅਕਾਲੀ ਦਲ ਤੇ ਹਰਸਿਮਰਤ ਕੌਰ ਬਾਦਲ ਦਾ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਨੇ ਲੋਕਾਂ ਨਾਲ ਕੀਤੇ ਵਾਅਦੇ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਇੱਕ ਪੈਸੇ ਦਾ ਲੋਕਾਂ ਲਈ ਕੰਮ ਨਹੀਂ ਕੀਤਾ, ਜਦਕਿ ਕੈਪਟਨ ਰਾਜ ਵਿੱਚ 90 ਹਜ਼ਾਰ ਕਰੋੜ ਦੇ ਕਰਜ਼ੇ ਦਾ ਵਾਧਾ ਹੋਇਆ ਹੈ।