ਬਰਨਾਲਾ: ਪਿਛਲੇ ਕੁੱਝ ਦਿਨ ਤੋਂ ਘਰੋਂ ਲਾਪਤਾ ਪਟਵਾਰੀ ਹਰਦੀਪ ਸਿੰਘ ਹੈਪੀ ਦੀ ਲਾਸ਼ ਦੁਪਿਹਰ ਵੇਲੇ ਸ਼ੱਕੀ ਹਾਲਤਾਂ ਵਿੱਚ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਬਾਥਰੂਮ ਵਿੱਚੋਂ ਗਲੀ ਸੜੀ ਹਾਲਤ ਵਿੱਚ ਬਰਾਮਦ ਹੋਈ ਹੈ। ਪਟਵਾਰੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲਦਿਆਂ ਹੀ ਸ਼ਾਸ਼ਨ-ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਇਸ ਮੌਕੇ 'ਤੇ ਪਹੁੰਚੇ ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਉ ਲਖਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਪਟਵਾਰੀ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਸੰਭਾਲ ਕੇ ਮਾਮਲੇ ਦੀ ਤਫਤੀਸ਼ ਅਤੇ ਕਾਨੂੰਨੀ ਕਾਰਵਾਈ ਦਾ ਅਮਲ ਸ਼ੁਰੂ ਕਰ ਦਿੱਤਾ ਹੈ ।
ਪ੍ਰਾਪਤ ਸੂਚਨਾ ਅਨੁਸਾਰ ਹਰਦੀਪ ਸਿੰਘ ਉਰਫ ਹੈਪੀ ਪਟਵਾਰੀ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਪੰਡੋਰੀ, ਕੁੱਝ ਦਿਨ ਤੋਂ ਆਪਣੇ ਘਰੋਂ ਲਾਪਤਾ ਸੀ, ਜਿਸ ਸਬੰਧੀ ਪਰਿਵਾਰ ਦੇ ਮੈਂਬਰ ਆਪਣੇ ਤੌਰ 'ਤੇ ਉਸ ਦੀ ਤਲਾਸ਼ ਵਿੱਚ ਲੱਗੇ ਹੋਏ ਸਨ। ਪਟਵਾਰੀ ਦੀ ਪਤਨੀ ਹਰਜਿੰਦਰ ਕੌਰ ਆਈ.ਸੀ.ਆਈ.ਸੀ.ਆਈ ਬੈਂਕ ਦੀ ਬਰਨਾਲਾ ਸ਼ਾਖਾ ਵਿੱਚ ਨੌਕਰੀ ਕਰਦੀ ਹੈ। ਜਦੋਂਕਿ ਪਟਵਾਰੀ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਦੁਪਿਹਰ ਕਰੀਬ 1 ਤੋਂ 1:30 ਵਜੇ ਡੀਸੀ ਕੰਪਲੈਕਸ ਦਾ ਚੌਂਕੀਦਾਰ ਜਦੋਂ ਕੰਪਲੈਕਸ ਦੀ ਪਹਿਲੀ ਮੰਜਿਲ 'ਤੇ ਸਥਿਤ ਬਾਥਰੂਮ ਵਿੱਚ ਗਿਆ ਤਾਂ ਉਹ ਪਟਵਾਰੀ ਦੀ ਗਲੀ ਸੜੀ ਲਾਸ਼ ਦੇਖ ਕੇ ਡਰ ਗਿਆ। ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਐਸ.ਐਚ.ਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਟਵਾਰੀ ਹਰਦੀਪ ਸਿੰਘ ਬਰਨਾਲਾ ਤਹਿਸੀਲ ਵਿੱਚ ਤਾਇਨਾਤ ਸੀ। ਲਾਸ਼ ਵਿੱਚੋਂ ਬਦਬੂ ਮਾਰ ਰਹੀ ਸੀ, ਜਿਸ ਤੋਂ ਪਹਿਲੀ ਨਜ਼ਰੇ ਇੰਝ ਲੱਗਦਾ ਹੈ ਕਿ ਲਾਸ਼ 1 ਜਾਂ 2 ਦਿਨ ਪੁਰਾਣੀ ਇੱਥੇ ਪਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਪਟਵਾਰੀ ਦੇ ਵਾਰਿਸਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਪਰਿਵਾਰ ਦੇ ਬਿਆਨ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਅਧਾਰ ਪਰ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉੱਧਰ ਥਾਣਾ ਮਹਿਲ ਕਲਾਂ ਦੇ ਐਸ.ਐਚ.ਉ ਗੁਰਮੇਲ ਸਿੰਘ ਨੇ ਪੁੱਛਣ 'ਤੇ ਦੱਸਿਆ ਕਿ ਬੇਸ਼ੱਕ ਹਰਦੀਪ ਸਿੰਘ ਦੇ ਕਰੀਬ 3 ਦਿਨ ਤੋਂ ਘਰੋਂ ਲਾਪਤਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ, ਪਰੰਤੂ ਪਟਵਾਰੀ ਦੇ ਪਰਿਵਾਰ ਨੇ ਉਸਦੇ ਲਾਪਤਾ ਹੋਣ ਸਬੰਧੀ ਕੋਈ ਸੂਚਨਾ ਪੁਲਿਸ ਨੂੰ ਨਹੀਂ ਦਿੱਤੀ। ਪੰਚਾਇਤ ਤੋਂ ਤਹਿਕੀਕਾਤ ਕਰਨ 'ਤੇ ਉਨ੍ਹਾਂ ਨੇ ਵੀ ਕਿਹਾ ਕਿ ਪਰਿਵਾਰ ਨੇ ਪਟਵਾਰੀ ਦੇ ਲਾਪਤਾ ਹੋਣ ਸਬੰਧੀ ਕੋਈ ਗੱਲ ਪੰਚਾਇਤ ਤੱਕ ਵੀ ਨਹੀਂ ਪਹੁੰਚਾਈ ਸੀ।
ਇਹ ਵੀ ਪੜ੍ਹੋ: ਪਾਸਪੋਰਟ ਲੈ ਬਾਗੋ-ਬਾਗ ਹੋ ਉੱਠੇ ਸੋਹਣਾ-ਮੋਹਣਾ, ਨਾਲ ਹੀ NRI ਭਾਈਚਾਰੇ ਨੂੰ ਕਰ ਦਿੱਤੀ ਇਹ ਅਪੀਲ