ਬਰਨਾਲਾ: ਜ਼ਿਲ੍ਹੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਮਾਰਕਫ਼ੈਡ ਦੇ ਜਿਲ੍ਹਾ ਖਾਦ ਸਪਲਾਈ ਅਫ਼ਸਰ ਨੂੰ ਘੇਰ ਲਿਆ। ਜੱਥੇਬੰਦੀ ਦੇ ਆਗੂ ਯੂਰੀਆ ਖਾਦ ਨਾ ਮਿਲਣ ਕਾਰਨ ਰੋਸ ਵਿੱਚ ਹਨ। ਯੂਰੀਏ ਦੀ ਪਿੰਡਾਂ ਵਿੱਚ ਕਿਸਾਨਾਂ ਨੂੰ ਸਹੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਜੱਥੇਬੰਦੀ ਵਲੋਂ ਇਹ ਕਦਮ ਚੁੱਕਿਆ ਗਿਆ।
ਕਿਸਾਨਾਂ ਵਲੋਂ ਦਫ਼ਤਰ ਦੇ ਕੀਤੇ ਗਏ ਘਿਰਾਉ ਤੋਂ ਬਾਅਦ ਖਾਦ ਅਫ਼ਸਰ ਨੂੰ ਕਿਸਾਨਾਂ ਦੇ ਧਰਨੇ ਵਿੱਚ ਬੈਠ ਕੇ ਮੰਗਾਂ ਸੁਣਨੀਆਂ ਪਈਆਂ। ਕਿਸਾਨਾਂ ਵਲੋਂ ਇਸ ਦੌਰਾਨ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦੱਸਿਆ ਕਿ ਯੂਰੀਆ ਖਾਦ ਦੀ ਬਹੁਤ ਜਿਆਦਾ ਘਾਟ ਹੈ। ਯੂਰੀਏ ਦੀ ਘਾਟ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਰਿਹਾ ਹੈ।
ਫ਼ਸਲ ਨੂੰ ਤੁਰੰਤ ਯੂਰੀਏ ਖਾਦ ਦੀ ਲੋੜ ਹੈ, ਜਦਕਿ ਅਧਿਕਾਰੀ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ। ਉਹਨਾਂ ਕਿਹਾ ਕਿ ਪਿੰਡਾਂ ਦੀਆਂ ਸੁਸਾਇਟੀਆਂ ਵਿੱਚ ਯੂਰੀਆ ਖਾਦ ਗਈ ਨੂੰ ਕਈ ਕਈ ਦਿਨ ਬੀਤ ਗਏ ਹਨ। ਜਿਸ ਕਰਕੇ ਮਜ਼ਬੂਰਨ ਮਾਰਕਫ਼ੈਡ ਦੇ ਖਾਦ ਅਫ਼ਸਰ ਦਾ ਘਿਰਾਉ ਕਰਨਾ ਪਿਆ ਹੈ। ਜਿੰਨਾਂ ਸਮਾਂ ਉਹਨਾਂ ਦੀ ਯੂਰੀਆ ਖਾਦ ਦੀ ਘਾਟ ਦੀ ਸਮੱਸਿਆ ਦਾ ਹੱਲ ਨਹੀਂ ਕਰਦੇ, ਉਨਾਂ ਸਮਾਂ ਉਹਨਾਂ ਦਾ ਘਿਰਾਉ ਜਾਰੀ ਰਹੇਗਾ।
ਉਥੇ ਇਸ ਸੰਬੰਧੀ ਖਾਦ ਅਫ਼ਸਰ ਮੁਹੰਮਦ ਯਾਸੀਨ ਨੇ ਦੱਸਿਆ ਕਿ ਹੁਣ ਤੱਕ ਜਿਲ੍ਹੇ ਦੀਆਂ ਸੁਸਾਇਟੀਆਂ ਵਿੱਚ 47 ਪ੍ਰਤੀਸ਼ਤ ਯੂਰੀਆ ਮੁਹੱਈਆ ਕੀਤਾ ਜਾ ਚੁੱਕਾ ਹੈ ਅਤੇ ਜਲਦ ਹੋਰ ਯੂਰੀਆ ਆਉਣ ਵਾਲੇ ਦਿਨਾਂ ਵਿੱਚ ਇਸਦੀ ਘਾਟ ਪੂਰੀ ਕਰ ਦਿੱਤੀ ਜਾਵੇਗੀ।
ਉਹਨਾਂ ਮੰਨਿਆ ਕਿ ਬਰਨਾਲਾ ਵਿੱਚ ਰੇਲਵੇ ਰੈਕ ਨਾ ਲੱਗਣ ਕਾਰਨ ਇਹ ਸਮੱਸਿਆ ਆ ਰਹੀ ਹੈ, ਜਿਸ ਕਰਕੇ ਫ਼ਸਲ 'ਤੇ ਇਸਦਾ ਮਾੜਾ ਅਸਰ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਯੂਰੀਆ ਦੇ ਕਾਰਖਾਨੇ ਬੰਦ ਰਹਿਣ ਕਾਰਨ ਯੂਰੀਏ ਦੀ ਘਾਟ ਹੈ। ਇਸ ਸੰਬੰਧੀ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾ ਦਿੱਤਾ ਹੈ ਅਤੇ ਜਲਦ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਕਾਲਜ 'ਚ ਖੇਤੀਬਾੜੀ ਵਿਭਾਗ ਨੂੰ ਬਚਾਉਣ ਲਈ ਚੱਲ ਰਹੇ ਸੰਘਰਸ਼ ਨੂੰ ਕਿਸਾਨਾਂ ਦਾ ਸਮਰਥਨ