ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਲਗਾਤਾਰ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸੇ ਸੰਘਰਸ਼ ਤਹਿਤ ਦੁਸਹਿਰੇ ਦੇ ਤਿਉਹਾਰ ਮੌਕੇ ਬੀਕੇਯੂ ਉਗਰਾਹਾਂ ਵੱਲੋਂ ਰਾਵਣ ਦੀ ਥਾਂ ਮੋਦੀ ਸਰਕਾਰ, ਅੰਬਾਨੀ, ਅੰਡਾਨੀ ਅਤੇ ਕਾਰਪੋਰੇਟਾਂ ਘਰਾਣਿਆਂ ਦਾ ਪੁਤਲਾ ਸਾੜ ਕੇ ਦੁਸਹਿਰਾ ਮਨਾਇਆ ਗਿਆ। ਬਰਨਾਲਾ ਦੇ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਿੰਡਾਂ ਤੋਂ ਕਿਸਾਨ, ਔਰਤਾਂ ਅਤੇ ਨੌਜਵਾਨ ਪਹੁੰਚੇ। ਜਿਨ੍ਹਾਂ ਦੀ ਹਾਜ਼ਰੀ ’ਚ ਜਥੇਬੰਦੀ ਆਗੂਆਂ ਨੇ ਕੇਂਦਰ ਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲਿਆਂ ਨੂੰ ਸਾੜਿਆ।
ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਲਗਾਤਾਰ ਉਨ੍ਹਾਂ ਦਾ 25 ਦਿਨਾਂ ਤੋਂ ਸੰਘਰਸ਼ ਜਾਰੀ ਹੈ। ਜਿਸ ਕਰਕੇ ਇਸ ਦੇ ਰੋਸ ਵਜੋਂ ਪੂਰੇ ਪੰਜਾਬ ਵਿੱਚ ਦੁਸਹਿਰੇ ਦੇ ਤਿਉਹਾਰ ਮੌਕੇ ਮੋਦੀ ਸਰਕਾਰ ਦੇ ਪੂਰੇ ਪੰਜਾਬ ਵਿੱਚ ਪੁਤਲੇ ਸਾੜੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਮੋਦੀ ਸਰਕਾਰ, ਕਾਰਪੋਰੇਟ ਕੰਪਨੀਆਂ, ਅੰਬਾਨੀ ਅਤੇ ਅੰਡਾਨੀ ਦੇਸ਼ ਦੇ ਲੋਕਾਂ ਲਈ ਰਾਵਣ ਦਾ ਰੂਪ ਧਾਰ ਚੁੱਕੇ ਹਨ। ਅੱਜ ਆਪ ਮੁਹਾਰੇ ਉਮੜਿਆ ਹਜ਼ਾਰਾਂ ਦਾ ਇਕੱਠ ਕਿਸਾਨੀ ਸੰਘਰਸ਼ ਦੇ ਸਿਖ਼ਰ ਦੀ ਗਵਾਹੀ ਭਰ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਤਿੱਖਾ ਰੂਪ ਧਾਰ ਲਵੇਗਾ। ਸਰਕਾਰ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਜੇਕਰ ਸਰਕਾਰ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹੱਟਦੀ ਤਾਂ ਇਹ ਸੰਘਰਸ਼ ਹੋਰ ਤੇਜ਼ ਅਤੇ ਤਿੱਖਾ ਹੋਵੇਗਾ।