ਬਰਨਾਲਾ: ਪੰਜਾਬ ਵਿੱਚ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਵੱਖ-ਵੱਖ ਸਮੇਂ ਦੌਰਾਨ ਧਰਨੇ ਦਿੱਤੇ ਜਾਂਦੇ ਹਨ। ਇਸੇ ਤਹਿਤ ਹੀ ਮੰਗਲਵਾਰ ਨੂੰ ਜ਼ਿਲ੍ਹਾ ਬਰਨਾਲਾ ਦੀ ਸਬ-ਤਹਿਸੀਲ ਧਨੌਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵੱਲੋਂ ਨਾਇਬ ਤਹਿਸੀਲਦਾਰ ਦਫ਼ਤਰ ਧਨੌਲਾ ਦੇ ਬਾਹਰ ਪੱਕਾ ਧਰਨਾ ਦਿੱਤਾ ਜਾ ਰਿਹਾ ਹੈ ਤੇ ਕਿਸਾਨਾਂ ਨੇ ਤਹਿਸੀਲਦਾਰ ਨੂੰ ਬੰਦੀ ਬਣਾ ਲਿਆ ਹੈ।
ਕਿਸਾਨਾਂ ਨੇ ਪਰੇਸ਼ਾਨ ਕਰਨ ਦੇ ਲਾਏ ਇਲਜ਼ਾਮ: ਇਸ ਸਬੰਧੀ ਰੋਸ ਪ੍ਰਗਟ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਰਜਿਸ਼ਟਰੀਆਂ ਦਾ ਇੰਚਾਰਜ ਨਾਇਬ ਤਹਿਸੀਲਦਾਰ ਹੈ, ਉਸ ਵੱਲੋਂ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਰਜਿਸ਼ਟਰੀ ਦੇ ਸਾਰੇ ਦਸਤਾਵੇਜ਼ ਮੁਕੰਮਲ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਅਧਿਕਾਰੀ ਸਰਕਾਰੀ ਦਫ਼ਤਰਾਂ ਵਿੱਚ ਸਾਰੇ ਕੰਮ ਸਮੇਂ ਸਿਰ ਮੁਕੰਮਲ ਕਰਨ ਲਈ ਹੁਕਮ ਜਾਰੀ ਕੀਤੇ ਜਾਂਦੇ ਹਨ। ਦੂਜੇ ਪਾਸੇ ਸਰਕਾਰੀ ਦਫ਼ਤਰਾਂ ਵਿੱਚ ਕਿਸਾਨਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ: ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਮੌਕੇ ਦਾ ਨਾਇਬ ਤਹਿਸੀਲਦਾਰ ਜਾਣਬੁੱਝ ਕੇ ਰਜਿਸ਼ਟਰੀਆਂ ਦੇ ਕਾਗਜ਼ਾਂ ਵਿੱਚ ਤਰੁੱਟੀਆਂ ਲੱਭ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ, ਜਿਸ ਕਾਰਨ ਕਿਸਾਨ ਯੂਨੀਅਨ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਤਹਿਸੀਲਦਾਰ ਦਫ਼ਤਰ ਵਿੱਚ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਨਹੀਂ ਕੀਤਾ ਜਾਂਦਾ।
- Teachers Day 2023: ਰਾਜ ਪੱਧਰੀ ਪੁਰਸਕਾਰ ਲਈ ਚੁਣੇ ਗਏ ਅਧਿਆਪਕ ਦਾ ਪਿੰਡ ਵਾਸੀਆਂ ਨੇ ਕੀਤਾ ਵਿਸ਼ੇਸ਼ ਸਨਮਾਨ
- Prisoner escaped from police custody: ਤਰਨ ਤਾਰਨ ਦੇ ਸਿਵਲ ਹਸਪਤਾਲ ਤੋਂ ਹਵਾਲਾਤੀ ਹੋਇਆ ਫਰਾਰ, ਜੇਲ੍ਹ 'ਚ ਕੱਟ ਰਿਹਾ ਸੀ ਕਤਲ ਕੇਸ ਦੀ ਸਜ਼ਾ
- Demand letter to MLAs and MPs: ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰ ਨੇ ਤਮਾਮ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਲਿਖਿਆ ਪੱਤਰ, ਕੀਤੀ ਇਹ ਖ਼ਾਸ ਮੰਗ
ਨਾਇਬ ਤਹਿਸੀਲਦਾਰ ਨੇ ਆਰੋਪ ਨਕਾਰੇ: ਜਦੋਂ ਇਸ ਮਾਮਲੇ ਸਬੰਧੀ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਯਮਾਂ ਤਹਿਤ ਲੋਕਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕਰਵਾਏ ਜਾ ਰਹੇ ਹਨ ਅਤੇ ਕਈ ਰਜਿਸ਼ਟਰੀਆਂ ਵੀ ਹੋ ਚੁੱਕੀਆਂ ਹਨ, ਪਰ ਕੁੱਝ ਦਸਤਾਵੇਜ਼ਾਂ 'ਚ ਕਮੀ ਹੋਣ ਕਾਰਨ ਦੀ ਰਜਿਸਟ੍ਰੇਸ਼ਨ ਨਹੀਂ ਹੋ ਸਕੀ। ਜਿਸ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜੋ ਕਿ ਸਰਾਸਰ ਗਲਤ ਹੈ। ਉਹਨਾਂ ਕਿਹਾ ਕਿ ਜੋ ਕਿਸਾਨਾਂ 'ਤੇ ਗੰਭੀਰ ਦੋਸ਼ ਲਗਾ ਰਹੇ ਹਨ, ਉਹ ਗਲਤ ਸ਼ਬਦਾਵਲੀ ਵਰਤ ਰਹੇ ਹਨ, ਜਿਸ ਦੀ ਸੂਚਨਾ ਸਿਵਲ ਪ੍ਰਸ਼ਾਸਨ ਜ਼ਿਲ੍ਹਾ ਬਰਨਾਲਾ ਨੂੰ ਦਿੱਤੀ ਗਈ ਹੈ।