ਬਰਨਾਲਾ: ਭਦੌੜ ਨੇੜਲੇ ਪਿੰਡ ਰਾਮਗੜ੍ਹ ਤੋਂ ਭਦੌੜ ਆ ਰਿਹਾ ਇੱਕ ਛੋਟਾ ਹਾਥੀ ਬੇਕਾਬੂ ਹੋ ਕੇ ਪਲਟ ਗਿਆ। ਪ੍ਰਤੱਖ ਦਰਸ਼ੀਆਂ ਮੁਤਾਬਕ ਇਹ ਟੈਂਪੂ ਸਵਾਰੀਆਂ ਨਾਲ ਲੱਦਿਆ ਡਾਵਾਂ ਡੋਲ ਹੁੰਦਾ ਆ ਰਿਹਾ ਸੀ, ਜੋ ਕਿ ਪਿੰਡ ਦੀਪਗੜ੍ਹ ਨੇੜੇ ਪਹੁੰਚ ਕੇ ਪਲਟ ਗਿਆ। ਉਨ੍ਹਾਂ ਮੁਤਾਬਕ ਇਸ ਟੈਂਪੂ ਵਿੱਚ ਤਕਰੀਬਨ 20-25 ਲੋਕ ਸਵਾਰ ਸਨ, ਜੋ ਕਿ ਇਸ ਹਾਦਸੇ ਦੇ ਵਿੱਚ ਗੰਭੀਰ ਜ਼ਖ਼ਮੀ ਹੋ ਗਏ।
ਹਾਲਾਂਕਿ ਜ਼ਖਮੀਆਂ ਨੂੰ ਭਦੌੜ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ਼ ਦੇ ਲਈ ਦਾਖ਼ਲ ਕਰਵਾਇਆ ਗਿਆ ਹੈ, ਪਰ ਉੱਥੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਤਪਾ ਅਤੇ ਬਰਨਾਲਾ ਦੇ ਹਸਤਪਤਾਲਾਂ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ।
ਜ਼ਖ਼ਮੀਆਂ ਦੇ ਗੁਆਂਡੀ ਨੇ ਦੱਸਿਆ ਕਿ ਭਦੌੜ ਹਸਪਤਾਲ ਕੋਲ ਕੋਈ ਵੀ ਐਂਬੂਲੈਂਸ ਨਾ ਹੋਣ ਕਾਰਨ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਬਰਨਾਲਾ ਅਤੇ ਤਪਾ ਦੇ ਹਸਪਤਾਲਾਂ ਵਿੱਚੋਂ ਹੀ ਸਰਕਾਰੀ ਐਂਬੂਲੈਂਸਾਂ ਮੰਗਵਾਈਆਂ ਗਈਆਂ ਸਨ। ਜਿਸ ਕਾਰਨ ਜ਼ਖ਼ਮੀਆਂ ਨੂੰ ਦੇਰੀ ਨਾਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਐਂਬੂਲੈਂਸ ਦੀ ਘਾਟ ਕਾਰਨ ਪਿੰਡ ਵਾਸੀਆਂ ਵਿੱਚ ਬਹੁਤ ਹੀ ਰੋਸ ਹੈ।
ਜਾਣਕਾਰੀ ਮੁਤਾਬਕ ਇਸ ਹਾਦਸੇ ਦੇ ਵਿੱਚ ਮਾਤਾ ਪ੍ਰਕਾਸ਼ ਕੌਰ ਉਮਰ 70 ਸਾਲ ਜ਼ਖ਼ਮੀ ਹੋਣ ਕਾਰਨ ਨਿੱਜੀ ਹਸਪਤਾਲ ਵਿੱਚ ਇਲਾਜ ਉਪਰੰਤ ਮੌਤ ਹੋ ਗਈ।
ਭਦੌੜ ਦੇ ਐੱਸ.ਐੱਚ.ਓ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਮਗੜ੍ਹ ਤੋਂ ਇੱਕ ਛੋਟਾ ਹਾਥੀ ਤਕਰੀਬਨ 35 ਸਵਾਰੀਆਂ ਨੂੰ ਲੈ ਕੇ ਸਵੇਰੇ ਤਕਰੀਬਨ 9.30 ਵਜੇ ਰਾਮਗੜ੍ਹ ਤੋਂ ਭਦੌੜ ਵੱਲ ਨੂੰ ਜਾ ਰਿਹਾ ਸੀ। ਛੋਟਾ ਹਾਥੀ ਬੇਕਾਬੂ ਹੋ ਕੇ ਪਲਟ ਗਿਆ ਜਿਸ ਵਿੱਚ ਸਵਾਰ ਲੋਕ ਕਾਫ਼ੀ ਜ਼ਖ਼ਮੀ ਹੋ ਗਏ। ਵਹੀਕਲ ਚਾਲਕ ਹਰਮਨਦੀਪ ਸਿੰਘ ਪੁੱਤਰ ਹਰੀ ਸਿੰਘ ਵਾਸੀ ਰਾਮਗੜ੍ਹ ਉੱਤੇ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਮੁਕੱਦਮਾ ਨੰਬਰ 100 ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ।
ਡਾ ਪ੍ਰਵੇਜ ਕੁਮਾਰ ਐੱਸ.ਐੱਮ.ਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਘਟਨਾ ਵਿੱਚ ਸਾਡੇ ਕੋਲ ਕੁੱਲ 19 ਜ਼ਖ਼ਮੀ ਸਵਾਰੀਆਂ ਨੂੰ ਇਲਾਜ ਲਈ ਲਿਆਂਦਾ ਗਿਆ ਜਿਨ੍ਹਾਂ ਵਿੱਚ 17 ਔਰਤਾਂ, ਇੱਕ ਆਦਮੀ ਅਤੇ ਇੱਕ ਬੱਚਾ ਸੀ। ਇਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਬਰਨਾਲਾ ਅਤੇ ਤਪਾ ਦੇ ਹਸਪਤਾਲਾਂ ਲਈ ਰੈਫਰ ਕਰ ਦਿੱਤਾ ਗਿਆ।