ਬਰਨਾਲਾ : ਸ਼ਹਿਰ ਦੇ ਪਿੰਡ ਰਾਏਸਰ ਦੇ ਨੌਜਵਾਨ ਦੀ ਬੀਮਾਰੀ ਦੇ ਚੱਲਦਿਆਂ ਕੈਨੇਡਾ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਲਿਆਉਣ ਲਈ ਪਰਿਵਾਰ ਯਤਨ ਕਰ ਰਿਹਾ ਹੈ। ਮ੍ਰਿਤਕ ਦੀ ਮਾਤਾ ਨੂੰ ਹਾਲੇ ਤੱਕ ਪੁੱਤ ਦੀ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਕਿਹਾ ਕਿ ਉਸਦਾ ਬੇਟਾ ਗੁਰਪ੍ਰੀਤ ਸਿੰਘ ਤਿੰਨ ਸਾਲ ਤੋਂ ਕੈਨੇਡਾ ਰਹਿ ਰਿਹਾ ਸੀ। ਉਨ੍ਹਾਂ ਨੇ ਆਈਲੈਟਸ ਪਾਸ ਲੜਕੀ ਨਾਲ ਵਿਆਹ ਕਰ ਕੇ ਲੜਕੇ ਨੂੰ ਕੈਨੇਡਾ ਭੇਜਿਆ ਸੀ, ਪਰ ਕੈਨੇਡਾ ਜਾਣ ਤੋਂ ਬਾਅਦ ਲੜਕੀ ਬਦਲ ਗਈ ਅਤੇ ਉਹ ਦੋਵੇਂ ਇੱਕ ਦੂਜੇ ਤੋਂ ਵੱਖ ਰਹਿਣ ਲੱਗ ਪਏ।
ਸੂਬਾ ਤੇ ਕੇਂਦਰ ਸਰਕਾਰ ਨੂੰ ਮਦਦ ਦੀ ਫਰਿਆਦ : ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਗੁਰਪ੍ਰੀਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕਾਨੂੰਨੀ ਤੌਰ 'ਤੇ ਉਸਦੀ ਪਤਨੀ ਦੀ ਸਹਿਮਤੀ ਜ਼ਰੂਰੀ ਹੈ, ਪਰ ਲੜਕੀ ਦੇ ਪਰਿਵਾਰ ਵਲੋਂ ਮਦਦ ਨਹੀਂ ਕੀਤੀ ਜਾ ਰਹੀ, ਪਰਿਵਾਰ ਦੋਹਰੀ ਪੀੜ ਝੱਲਣ ਲਈ ਮਜਬੂਰ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸੂੂਬਾ ਤੇ ਕੇਂਦਰ ਸਰਕਾਰ ਨੂੰ ਮਦਦ ਦੀ ਫਰਿਆਦ ਕੀਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦੀ 11 ਮਾਰਚ ਨੂੰ ਸਿਹਤ ਖ਼ਰਾਬ ਹੋਈ ਸੀ ਅਤੇ 13 ਮਾਰਚ ਨੂੰ ਉਸਦੀ ਪਿਸ਼ਾਬ ਦਾ ਬੰਨ੍ਹ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਬੇਟੇ ਦੀ ਮ੍ਰਿਤਕ ਦੇਹ ਲਿਆਉਣ ਲਈ ਵੀ ਸਮੱਸਿਆ ਆ ਰਹੀ ਹੈ। ਉਸਦੀ ਪਤਨੀ ਕਾਨੂੰਨੀ ਤੌਰ ਉਤੇ ਜੇਕਰ ਸਹਿਮਤੀ ਦੇਵੇਗੀ ਤਾਂ ਹੀ ਬੇਟੇ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾ ਸਕਦੀ ਹੈ, ਪਰ ਲੜਕੀ ਦਾ ਪਰਿਵਾਰ ਸਾਡੀ ਇਸ ਮਾਮਲੇ ਵਿੱਚ ਕੋਈ ਮੱਦਦ ਨਹੀਂ ਕਰ ਰਿਹਾ।
ਇਹ ਵੀ ਪੜ੍ਹੋ : Child's Murder in mansa : ਪਿਤਾ ਸਾਹਮਣੇ ਹਮਲਾਵਰਾਂ ਨੇ 6 ਸਾਲਾ ਮਾਸੂਮ ਨੂੰ ਮਾਰੀਆਂ ਗੋਲੀਆਂ, ਉਦੈਵੀਰ ਦੇ ਅੰਤਿਮ ਸੰਸਕਾਰ ਮੌਕੇ ਹਰ ਅੱਖ ਹੋਈ ਨਮ
ਪੁੱਤ ਦੀ ਮੌਤ ਨਾਲ ਪਰਿਵਾਰ ਨੂੰ ਲੱਗਾ ਵੱਡਾ ਸਦਮਾ : ਉਨ੍ਹਾਂ ਦੱਸਿਆ ਕਿ ਸਾਡੇ ਪਰਿਵਾਰ ਲਈ ਇਹ ਵੱਡਾ ਸਦਮਾ ਹੈ, ਜਿਸ ਕਰਕੇ ਅਜੇ ਤੱਕ ਗੁਰਪ੍ਰੀਤ ਦੀ ਮਾਤਾ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਥੇ ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਘਟਨਾ ਇਕੱਲੇ ਪਰਿਵਾਰ ਹੀ ਨਹੀਂ, ਸਾਰੇ ਪਿੰਡ ਲਈ ਬਹੁਤ ਦੁੱਖਦਾਈ ਘਟਨਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਬਹੁਤ ਮਿਹਨਤੀ ਲੜਕਾ ਸੀ। ਪਰਿਵਾਰ ਨੇ ਆਪਣੀ ਜ਼ਮੀਨ ਵੇਚ ਕੇ ਉਸਨੂੰ ਵਿਦੇਸ਼ ਭੇਜਿਆ ਸੀ, ਪਰ ਗੁਰਪ੍ਰੀਤ ਦੀ ਮੌਤ ਨਾਲ ਪਰਿਵਾਰ ਨੂੰ ਵੱਡਾ ਸਦਮਾ ਲੱਗਿਆ ਹੈ।
ਇਹ ਵੀ ਪੜ੍ਹੋ : ਬਾਦਲਾਂ 'ਤੇ ਵਰ੍ਹੇ ਮੁੱਖ ਮੰਤਰੀ ਕਿਹਾ- ਕੁਰਬਾਨੀ ਦੇਣ ਦੀ ਗੱਲ ਕਰਨ ਵਾਲੇ ਹੁਣ ਫ਼ਰੀਦਕੋਟ ਅਦਾਲਤ ਜਾਣ ਤੋਂ ਡਰੇ
ਉਨ੍ਹਾਂ ਕਿਹਾ ਕਿ ਗੁਰਪ੍ਰੀਤ ਦੀ ਮੌਤ 14 ਮਾਰਚ ਨੂੰ ਹੋ ਗਈ ਸੀ, ਪਰ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਸਰਕਾਰ ਜਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਕੋਈ ਮੱਦਦ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਭਾਵੇਂ ਗੁਰਪ੍ਰੀਤ ਹੁਣ ਦੁਨੀਆਂ ਵਿੱਚ ਨਹੀਂ ਰਿਹਾ, ਪਰ ਉਸਦੇ ਵਾਰਸ ਉਸਦੀ ਅੰਤਿਮ ਸੰਸਕਾਰ ਦੀਆਂ ਰਸਮਾਂ ਆਪਣੇ ਹੱਥੀਂ ਕਰਨਾ ਚਾਹੁੰਦੇ ਹਨ, ਜਿਸ ਕਰਕੇ ਅਸੀਂ ਪਿੰਡ ਵਾਸੀਆਂ ਵਲੋਂ ਭਾਰਤ ਅਤੇ ਪੰਜਾਬ ਸਰਕਾਰ ਸਮੇਤ ਸਮਾਜ ਸੇਵੀਆਂ ਅੱਗੇ ਅਪੀਲ ਕਰਦੇ ਹਨ ਕਿ ਗੁਰਪ੍ਰੀਤ ਦੀ ਮ੍ਰਿਤਕ ਦੇਹ ਪਿੰਡ ਲਿਆਉਣ ਲਈ ਮੱਦਦ ਕੀਤੀ ਜਾਵੇ।