ਬਰਨਾਲਾ: ਵਿਦੇਸ਼ਾਂ 'ਚ ਬੈਠ ਕੇ ਬਰਨਾਲਾ ਦੇ ਲੋਕਾਂ ਤੋਂ ਫਿਰੌਤੀ ਮੰਗਣ ਵਾਲੇ ਇੱਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਦਕਿ ਤਿੰਨ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਗ੍ਰਿਫਤਾਰ ਕੀਤੇ ਮੁਲਜ਼ਮਾਂ ਤੋਂ ਇੱਕ ਦੇਸੀ ਪਿਸਤੌ,ਲ ਦੋ ਮੋਬਾਈਲ ਫੋਨ ਅਤੇ ਇੱਕ ਕਾਰ ਵੀ ਬਰਾਮਦ ਕੀਤੀ ਹੈ। ਇਸ ਗਿਰੋਹ ਵਲੋਂ ਬਰਨਾਲਾ ਦੇ ਇੱਕ ਮੋਬਾਈਲ ਫੋਨ ਵਿਕਰੇਤਾ ਅਤੇ ਇੱਕ ਹੋਰ ਵਿਅਕਤੀ ਤੋਂ ਫਿਰੌਤੀ ਮੰਗੀ ਸੀ।
ਇਸ ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਐੱਸ.ਐੱਸ.ਪੀ. ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਦੇ ਇੱਕ ਫੋਨ ਵਿਕਰੇਤਾ ਅਤੇ ਜ਼ਿਲ੍ਹੇ ਦੇ ਪਿੰਡ ਕੋਟਦੁੰਨਾ ਦੇ ਰਹਿਣ ਵਾਲੇ ਯੂਟਿਊਬਰ ਤੋਂ ਸੁੱਖਾ ਦੁੱਨੇਕੇ ਦੇ ਨਾਮ 'ਤੇ ਗੈਂਗਸਟਰਾਂ ਵਲੋਂ ਫਿਰੌਤੀ ਦੀ ਮੰਗ ਕੀਤੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।
ਜਿਸ ਦੇ ਬਾਅਦ ਬਰਨਾਲਾ ਪੁਲਿਸ ਵਲੋਂ ਇੱਕ ਟੀਮ ਬਣਾ ਕੇ ਇਸ ਮਾਮਲੇ ਦੀ ਗਹਰਾਈ ਨਾਲ ਜਾਂਚ ਕੀਤੀ ਗਈ। ਜਿਸ ਵਿੱਚ ਪੁਲਿਸ ਦੁਆਰਾ ਗੈਂਗਸਟਰਸ ਦੇ ਇੱਕ ਮਾਡਿਊਲ ਨੂੰ ਭੰਗ ਕਰਕੇ ਪਿੰਡ ਕੋਟਦੁੰਨਾ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ ਵਿਦੇਸ਼ਾਂ ਵਿੱਚ ਰਹਿ ਰਹੇ ਤਿੰਨ ਗੈਂਗਸਟਰਾਂ ਨੂੰ ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ।
ਉਹਨਾਂ ਦੱਸਿਆ ਕਿ ਮੁਲਜ਼ਮ ਵਿਦੇਸ਼ਾਂ ਤੋਂ ਹਨ ਅਤੇ ਵਟਸਐਪ ਕਾਲ ਦੇ ਰਾਹੀਂ ਲੋਕਾਂ ਤੋਂ ਫਿਰੌਤੀ ਦੀ ਮੰਗ ਕਰਦੇ ਸੀ ਅਤੇ ਫਿਰੌਤੀ ਨਾ ਦੇਣ 'ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਉਨ੍ਹਾਂ ਕਿਹਾ ਕਿ ਪੁਲਿਸ ਦੁਆਰਾ ਵਿਦੇਸ਼ਾਂ ਵਿੱਚ ਰਹਿ ਰਹੇ ਗੈਂਗਸਟਰਾਂ ਨੂੰ ਭਾਰਤ ਵਿੱਚ ਲਿਆਉਣ ਲਈ ਵੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਵੀ ਜਾਣਕਾਰੀ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਲੁਧਿਆਣਾ ਦੀ ਇਸ ਟੈਕਸਟਾਈਲ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ