ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਦਿੱਲੀ ਮੋਰਚੇ ਵਿੱਚ ਬਰਨਾਲਾ ਜ਼ਿਲ੍ਹੇ ਦੇ ਇੱਕ ਕਿਸਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦਾ ਬਲਾਕ ਆਗੂ ਜਸਮੇਲ ਸਿੰਘ 26 ਨਵੰਬਰ ਤੋਂ ਸਿੰਘੂ ਬਾਰਡਰ ਦਿੱਲੀ ਵਿਖੇ ਸ਼ਾਮਲ ਹੋਇਆ ਸੀ। ਅੱਜ ਦੁਪਹਿਰ ਲਗਭਗ 2 ਵਜ਼ੇ ਮੁੱਖ ਸਟੇਜ ਕੋਲ ਅਚਾਨਕ ਉਸਦੀ ਸਿਹਤ ਵਿਗੜ ਗਈ ਉਸਨੂੰ ਤੁਰੰਤ ਐਂਬੂਲੈਂਸ ਰਾਹੀਂ ਸੋਨੀਪਤ (ਹਰਿਆਣਾ) ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਡਾਕਟਰਾਂ ਅਨੁਸਾਰ ਮੁੱਢਲੀ ਜਾਂਚ ਤੋਂ ਮੌਤ ਦਾ ਕਾਰਨ ਦਿਲ ਦਾ ਦੌਰਾ ਹੋਣ ਦੀ ਸੰਭਾਵਨਾ ਹੈ।
ਸਿੰਘੂ ਬਾਰਡਰ ਤੋਂ ਜਾਣਕਾਰੀ ਦਿੰਦਿਆ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਨਿਰਭੈਅ ਸਿੰਘ ਛੀਨੀਵਾਲ, ਹਾਕਮ ਸਿੰਘ ਧਾਲੀਵਾਲ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ ਨੇ ਦੱਸਿਆ ਕਿ ਜਸਮੇਲ ਸਿੰਘ ਬਹੁਤ ਸਰਗਰਮ ਕਿਸਾਨ ਆਗੂ ਸੀ। ਉਹ ਪਿਛਲੇ 2 ਮਹੀਨੇ ਤੋਂ ਸਿੰਘੂ ਬਾਰਡਰ ਦਿੱਲੀ ਵਿਖੇ ਪੂਰੀ ਤਰ੍ਹਾਂ ਸਮਰਪਤ ਸੀ ਤੇ ਅੱਜ ਦਿਲ ਦਾ ਦੌਰਾ ਪੈਣ ਨਾਲ ਉਸਦੀ ਸ਼ਹਾਦਤ ਹੋਈ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਇੱਥੇ ਪੋਸਟਮਾਰਟਮ ਬਾਅਦ ਉਸ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇਗੀ।