ਬਰਨਾਲਾ: ਦੇਸ਼ ਵਿੱਚ ਕੁੱਝ ਲੋਕ ਅਤੇ ਸੰਗਠਨ ਫ਼ਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਤਾਂ ਉਸ ਸਮੇਂ ਬਰਨਾਲਾ ਦੇ ਪਿੰਡ ਬਖਤਗੜ੍ਹ (Bakhtgarh village of Barnala) ਦੇ ਐਮ.ਏ, ਬੀ.ਐਡ ਪਾਸ ਨੌਜਵਾਨ ਅਮਨਦੀਪ ਸਿੰਘ ਰਵੀ (Ravi donated land to the Muslim community) ਨੇ ਪਿੰਡ ਵਿੱਚ ਪਈ ਆਪਣੀ ਕੀਮਤੀ ਥਾਂ ਮੁਸਲਿਮ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ ਦਾਨ ਕਰਕੇ ਭਾਈਚਾਰਕ ਏਕਤਾ ਦੀ ਮਿਸਾਲ ਪੈਦਾ ਕੀਤੀ ਹੈ। Ravi donated land to build a mosque
ਅਮਨਦੀਪ ਸਿੰਘ ਨੇ ਸੇਵਾ ਸਿੰਘ ਕਿਰਪਾਨ ਬਹਾਦਰ ਦੇ ਮਾਰਗਦਰਸ਼ਕ 'ਤੇ ਚੱਲਦਿਆ ਥਾਂ ਦਾਨ ਕੀਤੀ:- ਪਿੰਡ ਬਖਤਗੜ੍ਹ ਵਿੱਚ ਮੁਸਲਿਮ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ ਥਾਂ ਦਾਨ ਕਰਨ ਤੋਂ ਬਾਅਦ ਸੇਵਾ ਮੁਕਤ ਮੁੱਖ ਅਧਿਆਪਕ ਕਰਨੈਲ ਸਿੰਘ ਦੇ ਸਪੁੱਤਰ ਅਮਨਦੀਪ ਸਿੰਘ ਰਵੀ ਨੇ ਕਿਹਾ ਕਿ ਵੱਖ-ਵੱਖ ਲੋਕ ਪੱਖੀ ਲਹਿਰਾਂ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੀ ਪਿੰਡ ਬਖਤਗੜ੍ਹ ਦੀ ਮਹਾਨ ਸ਼ਖਸ਼ੀਅਤ ਸੇਵਾ ਸਿੰਘ ਕਿਰਪਾਨ ਬਹਾਦਰ ਉਹਨਾਂ ਦੇ ਮਾਰਗਦਰਸ਼ਕ ਹਨ, ਜਿਨ੍ਹਾਂ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਉਸਨੇ ਇਹ ਥਾਂ ਦਾਨ ਕੀਤੀ ਹੈ। ਪਿੰਡ ਬਖਤਗੜ੍ਹ ਵਿੱਚ ਮੁਸਲਿਮ ਭਾਈਚਾਰੇ ਦਾ ਪਿੰਡ ਵਿੱਚ ਕੋਈ ਧਾਰਮਿਕ ਸਥਾਨ ਨਾ ਹੋਣ ਕਾਰਨ ਉਹਨਾਂ ਨੂੰ ਨਮਾਜ਼ ਅਦਾ ਕਰਨ ਲਈ ਨੇੜਲੇ ਪਿੰਡ ਚੂੰਘਾ ਵਿਖੇ ਜਾਣਾ ਪੈਂਦਾ ਹੈ।
'ਸਾਡੇ ਅਜਿਹੇ ਕਦਮ ਭਾਈਚਾਰਕ ਏਕਤਾ ਮਜ਼ਬੂਤ ਕਰਨਗੇ':- ਸੇਵਾ ਮੁਕਤ ਮੁੱਖ ਅਧਿਆਪਕ ਕਰਨੈਲ ਸਿੰਘ ਦੇ ਸਪੁੱਤਰ ਅਮਨਦੀਪ ਸਿੰਘ ਨੇ ਕਿਹਾ ਕਿ ਉਹ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਹਨ ਅਤੇ ਇਸ ਸਮੇਂ ਜਦੋਂ ਕੁੱਝ ਲੋਕ ਸਿਆਸਤ ਕਰਨ ਲਈ ਲੋਕਾਂ ਵਿੱਚ ਵੰਡੀਆਂ ਪਾਉਣ ਦਾ ਯਤਨ ਕਰ ਰਹੇ ਹਨ ਤਾਂ ਸਾਡੇ ਅਜਿਹੇ ਕਦਮ ਭਾਈਚਾਰਕ ਏਕਤਾ ਮਜ਼ਬੂਤ ਕਰਨਗੇ। ਅਮਨਦੀਪ ਸਿੰਘ ਨੇ ਪੰਜਾਬ ਦੀਆਂ ਅਣੋਖੀਆਂ ਜਾਣਕਾਰੀਆਂ ਸਬੰਧੀ ਪੁਸਤਕ ‘ਵਚਿੱਤਰ ਸੰਸਾਰ’ ਵੀ ਲਿਖੀ ਹੋਈ ਹੈ। ਪਿੰਡ ਵਿੱਚ ਮੁਸਲਿਮ ਭਾਈਚਾਰੇ ਦੇ ਇੱਕ ਦਰਜ਼ਨ ਤੋਂ ਵੱਧ ਪਰਿਵਾਰ ਹਨ।
'ਮੁਸਲਿਮ ਭਾਈਚਾਰੇ ਦੀ ਭਾਵਨਾ ਨੂੰ ਸਮਝਦਿਆਂ 8 ਮਰਲੇ ਦਾ ਪਲਾਟ ਮਸਜਿਦ ਲਈ ਦਾਨ ਕੀਤਾ':- ਇਹਨਾਂ ਵਿੱਚੋਂ ਕੁੱਝ ਪਰਿਵਾਰ ਤੂੜੀ ਢੋਣ ਦੇ ਕਿੱਤੇ ਨਾਲ ਜੁੜੇ ਹੋਏ ਹਨ ਤੇ ਕੁੱਝ ਪਿੰਡ ਵਿੱਚ ਹੀ ਮਜ਼ਦੂਰੀ ਕਰਦੇ ਹਨ। ਪਿੰਡ ਦੇ ਮੁਸਲਿਮ ਪਰਿਵਾਰਾਂ ਦੀ ਪਿਛਲੇ ਕਈ ਦਹਾਕਿਆਂ ਤੋਂ ਪਿੰਡ ਵਿੱਚ ਮਸਜਿਦ ਬਣਾਉਣ ਦੀ ਇੱਛਾ ਸੀ, ਪਰ ਸੀਮਿਤ ਆਰਥਿਕ ਸਾਧਨਾਂ ਕਾਰਨ ਉਹ ਕੋਈ ਥਾਂ ਖ੍ਰੀਦਣ ਤੋਂ ਅਸਮਰੱਥ ਸਨ। ਮੁਸਲਿਮ ਭਾਈਚਾਰੇ ਦੀ ਭਾਵਨਾ ਨੂੰ ਸਮਝਦਿਆਂ ਅਮਨਦੀਪ ਸਿੰਘ ਰਵੀ ਨੇ ਪਿੰਡ ਵਿੱਚ ਪਏ ਆਪਣੇ 8 ਮਰਲੇ ਦੇ ਪਲਾਟ ਨੂੰ ਮੁਸਲਿਮ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ ਦਾਨ ਕਰ ਦਿੱਤਾ ਹੈ, ਜਿਸਦੀ ਕੀਮਤ ਲਗਭਗ 7 ਲੱਖ ਰੁਪਏ ਹੈ।
ਮੁਸਲਿਮ ਭਾਈਚਾਰੇ 'ਚ ਖੁਸ਼ੀ ਦੀ ਲਹਿਰ:- ਇਸ ਸਬੰਧੀ ਮੁਸਲਿਮ ਭਾਈਚਾਰੇ ਦੇ ਆਗੂਆਂ ਭੋਲਾ ਖਾਨ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਇੱਕ ਸਿੱਖ ਪਰਿਵਾਰ ਨੇ ਉਹਨਾਂ ਨੂੰ ਥਾਂ ਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਨਮਾਜ ਅਦਾ ਕਰਨ ਲਈ ਨੇੜਲੇ ਪਿੰਡ ਆਉਣ-ਜਾਣ ਦੀ ਵੱਡੀ ਸਮੱਸਿਆ ਸੀ। ਉੱਥੇ ਪਿੰਡ ਦੇ ਲੋਕਾਂ ਵੱਲੋਂ ਅਮਨਦੀਪ ਸਿੰਘ ਰਵੀ ਦੇ ਇਸ ਉਪਰਾਲੇ ਦੀ ਸ਼ਾਲਾਘਾ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ, ਇਸ ਕਾਰਜ ਨਾਲ ਸਾਡੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਈ ਹੈ। ਉੱਥੇ ਉਹਨਾਂ ਕਿਹਾ ਕਿ ਮਸਜਿਦ ਬਣਾਉਣ ਲਈ ਜੋ ਵੀ ਖ਼ਰਚ ਆਵੇਗਾ, ਉਸ ਲਈ ਵੀ ਸਮੂਹ ਪਿੰਡ ਵਾਸੀ ਰਲਮਿਲ ਕੇ ਸਹਿਯੋਗ ਅਤੇ ਯੋਗਦਾਨ ਦੇਣਗੇ।
ਇਹ ਵੀ ਪੜੋ:- ਪੰਜਾਬ ਵਿੱਚ ਸਰਕਾਰੀ ਬੱਸ ਸੇਵਾ ਠੱਪ, ਸਵਾਰੀਆਂ ਹੋ ਰਹੀਆਂ ਪਰੇਸ਼ਾਨ