ਬਰਨਾਲਾ : ਅਜ਼ਾਦੀ ਦਿਵਸ ਮੌਕੇ ਦੇਸ਼ ਦੇ ਗ੍ਰਹਿ ਮੰਤਰੀ ਮੈਡਲ ਫ਼ਾਰ ਐਕਸੀਲੈਂਸ ਇਨ ਇਨਵੈਸਟੀਗੇਸ਼ਨ ਤਹਿਤ ਦੇਸ਼ ਦੇ 152 ਪੁਲਿਸ ਅਧਿਕਾਰੀਆਂ ਨੂੰ ਜਿੱਥੇ ਸਨਮਾਨਿਤ ਕੀਤਾ ਜਾ ਰਿਹਾ ਹੈ, ਉਥੇ ਹੀ ਪੰਜਾਬ ਤੋਂ ਸਿਰਫ਼ 2 ਸਨਮਾਨਿਤ ਹੋਣ ਵਾਲੇ ਪੁਲਿਸ ਅਧਿਕਾਰੀ ਜ਼ਿਲ੍ਹਾ ਬਰਨਾਲਾ ਤੋਂ ਹੋਣ ’ਤੇ ਜਿੱਥੇ ਪੂਰੇ ਜ਼ਿਲ੍ਹੇ ਨੂੰ ਮਾਣ ਮਹਿਸੂਸ ਹੋਇਆ ਹੈ, ਉਥੇ ਹੀ ਪੰਜਾਬ ਦੀ ਪੁਲਿਸ ਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਦੋਵੇਂ ਹੀ ਜਾਬਾਜ਼ ਬਰਨਾਲਾ ਪੁਲਿਸ ਦੇ ਜ਼ਿਲ੍ਹਾ ਮੁਖੀ ਸੰਦੀਪ ਗੋਇਲ ਤੇ ਸੀਆਈਏ ਬਰਨਾਲਾ ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਨੂੰ ਇਹ ਮੈਡਲ ਮਿਲਣ ’ਤੇ ਵਧਾਈ ਦੇਣ ਵਾਲਿਆਂ ਦਾ ਸੋਸ਼ਲ ਮੀਡੀਆ ਰਾਹੀਂ ਤਾਂਤਾ ਲੱਗਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬਰਨਾਲਾ ਜ਼ਿਲ੍ਹੇ ’ਚ ਸ਼ਹੀਦੀ ਸਮਾਰਕ ਯਾਦਗਾਰ ਦਾ ਉਦਘਾਟਨ ਕਰਨ ਪੁੱਜੇ ਪੰਜਾਬ ਪੁਲਿਸ ਮੁਖੀ ਨੇ ਦੋਵਾਂ ਹੀ ਪੁਲਿਸ ਅਧਿਕਾਰੀਆਂ ਦੀ ਸਿਫ਼ਤ ਕਰਦਿਆਂ ਦੱਸਿਆ ਸੀ ਕਿ ਪੰਜਾਬ ’ਚ ਹੀ ਨਹੀ, ਬਲਕਿ ਪੂਰੇ ਦੇਸ਼ ’ਚੋਂ ਸਭ ਤੋਂ ਵੱਡੀ ਨਸ਼ੇ ਦੀ ਖੇਪ ਤੇ ਡਰੱਗ ਮਨੀ ਬਰਾਮਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਏ ਸੁੁਪਨੇ ਨੂੰ ਸਾਕਾਰ ਕਰਦਿਆਂ ਇਨ੍ਹਾਂ ਦੋਵੇਂ ਅਧਿਕਾਰੀਆਂ ਨੇ ਨਸ਼ਾ ਸਪਲਾਈ ਦੀ ਚੈਨ ਤੋੜ੍ਹ ਕੇ ਦਿੱਲੀ, ਆਗਰਾ ਗੈਂਗ ਨੂੰ ਫੜ੍ਹਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਸੀ।
ਇੰਸਪੈਕਟਰ ਬਲਜੀਤ ਸਿੰਘ ਨੂੰ ਰਾਸ਼ਟਰਪਤੀ ਮੈਡਲ, ਸੀਐਮ ਪੰਜਾਬ ਮੈਡਲ ਸਣੇ 6 ਵਾਰ ਮਿਲੀ ਡੀਜੀਪੀ ਡਿਸਕ ਸੀਆਈਏ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਜਿੱਥੇ ਕ੍ਰਾਇਮ ਨੂੰ ਰੋਕਣ ’ਤੇ ਬਾਜ਼ ਅੱਖ ਰੱਖਦੇ ਹਨ, ਉਥੇ ਹੀ ਅੰਨੇ ਕਤਲ ਕੇਸ ਦੀਆਂ ਗੁੱਥੀਆਂ ਸੁਲਝਾਉਣ ਤੇ ਭਾਰੀ ਮਾਤਰਾ ’ਚ ਮੈਡੀਕਲ ਨਸ਼ੇ ਸਣੇ ਨਸ਼ਾ ਤਸਕਰ ਸਮੇਤ ਡਰੱਗ ਮਨੀ ਫੜ੍ਹਣ ’ਚ ਵੀ ਬਰਨਾਲਾ ਪੁਲਿਸ ਹੀ ਨਹੀ ਪੰਜਾਬ ਪੁਲਿਸ ਦਾ ਨਾਂ ਮੋਹਰੀ ਰੱਖਦੇ ਹਨ। ਇਸੇ ਕਰਕੇ ਹੀ ਉਨ੍ਹਾਂ ਨੂੰ ਕਈ ਸਾਲਾਂ ਤੋਂ ਗਣਤੰਤਰਾ ਦਿਵਸ ਤੇ ਅਜ਼ਾਦੀ ਦਿਹਾੜੇ ’ਤੇ ਜਿੱਥੇ ਵਿਸ਼ੇਸ਼ ਸਨਮਾਨਿਤ ਕੀਤਾ ਜਾਂਦਾ ਹੈ, ਉਥੇ ਹੀ ਹੁਣ ਤੱਕ ਉਨ੍ਹਾਂ ਨੂੰ ਡੀਜੀਪੀ ਪੰਜਾਬ ਤੋਂ 6 ਵਾਰ ਡਿਸਕ ਨਾਲ ਸਨਮਾਨ ਮਿਲ ਚੁੱਕਿਆ ਹੈ।
2015 ’ਚ ਰਾਸ਼ਟਰਪਤੀ ਮੈਡਲ ਤੇ 2020 ’ਚ ਸੀਐਮ ਪੰਜਾਬ ਮੈਡਲ ਤੇ ਹੁਣ 2021 ’ਚ ਹੋਮ ਮਨਿਸਟਰੀ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਬਦਲੇ ਅਵਾਰਡ ਦੇਕੇ ਸਨਮਾਨਿਤ ਕੀਤਾ ਜਾ ਰਿਹਾ ਹੈ।
ਬਰਨਾਲਾ ਜ਼ਿਲ੍ਹੇ ’ਚ ਹਰ ਕੋਈ ਪੀੜਤ ਤੇ ਸ਼ਿਕਾਇਤ ਕਰਤਾ ਜੇਕਰ ਸੀਆਈਏ ਬਰਨਾਲਾ ਨੂੰ ਆਪਣੀ ਜਾਂਚ ਕਰਵਾਉਣ ਲਈ ਹਾੜ੍ਹੇ ਕੱਢਦਾ ਹੈ ਤਾਂ ਇਹ ਗੱਲ ਇੰਸਪੈਕਟਰ ਬਲਜੀਤ ਸਿੰਘ ਦੇ ਤਜ਼ਰਬੇ 'ਤੇ ਉਨ੍ਹਾਂ ਦੀ ਇਮਾਨਦਾਰੀ ਨਾਲ ਕੀਤੀ ਹਰ ਸਮੇਂ ਤਨਦੇਹੀ ਨਾਲ ਡਿਊਟੀ ’ਤੇ ਮੋਹਰ ਲਾਉਂਦੀ ਹੈ। ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਆਗੂਆਂ ਸਣੇ ਸਮਾਜ ਸੇਵੀ ਕਲੱਬਾਂ ਦੇ ਨੁਮਾਇੰਦਿਆਂ ਵੱਲੋਂ ਵੀ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਤੇ ਸੀਆਈਏ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਨੂੰ ਇਸ ਅਵਾਰਡ ’ਤੇ ਵਧਾਈ ਭੇਜੀ ਜਾ ਰਹੀ ਹੈ।