ਬਰਨਾਲਾ: ਸ਼ਹਿਰ ਦੇ ਬਾਜਵਾ ਪੱਤੀ ਇਲਾਕੇ ਦੇ ਗੁਰਦੁਆਰਾ ਸਾਹਿਬ ਅੰਦਰ ਅੱਗ ਲੱਗਣ ਦੀ ਦੁਖਦਾਈ ਘਟਨਾ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਵਰਜੀਤ ਵਾਲੀਆ ਦੀ ਅਗਵਾਈ ਹੇਠ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਫੂਲਕਾ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਬਾਰੇ ਪਤਾ ਲੱਗਣ ’ਤੇ ਫੌਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵੱਲੋਂ ਘਟਨਾ ਦੇ ਕਾਰਨਾਂ ਦਾ ਪਤਾ ਲਾਇਆ ਜਾਵੇਗਾ। ਇਹ ਕਮੇਟੀ ਐਸਡੀਐਮ ਵਰਜੀਤ ਵਾਲੀਆ ਦੀ ਅਗਵਾਈ ਹੇਠ ਬਣਾਈ ਗਈ ਹੈ, ਜਿਸ ਵਿੱਚ ਡੀਐਸਪੀ ਬਰਨਾਲਾ ਲਖਵੀਰ ਸਿੰਘ ਟਿਵਾਣਾ, ਗੁਰਦੁਆਰਾ ਪ੍ਰਬੰਧਕ, ਫਾਇਰ ਅਫਸਰ ਅਤੇ ਐਕਸੀਅਨ ਪੀਐਸਪੀਸੀਐਲ ਬਰਨਾਲਾ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਜਾਂਚ ਮਗਰੋਂ ਰਿਪੋਰਟ ਸੌਂਪਣਗੇ।

ਉਨਾਂ ਆਖਿਆ ਕਿ ਕਿਸੇ ਵੀ ਧਾਰਮਿਕ ਸਥਾਨ ’ਤੇ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ, ਇਸ ਵਾਸਤੇ ਲੋੜੀਂਦੇ ਇਹਤਿਆਤਾਂ ਅਤੇ ਹੋਰ ਪੁਖਤਾ ਪ੍ਰਬੰਧਾਂ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਅੱਜ ਦੁਪਹਿਰ ਸਮੇਂ ਸ਼ਹਿਰ ਦੇ ਬਾਜਵਾ ਪੱਤੀ ਵਿੱਚ ਗੁਰਦੁਆਰਾ ਸਾਹਿਬ ਵਿੱਚ ਅੱਗ ਲੱਗਣ ਨਾਲ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਗਨ ਭੇਂਟ ਹੋ ਗਿਆ। ਜਦੋਂਕਿ 8 ਸਰੂਪ ਸੁਰੱਖਿਅਤ ਗੁਰਦੁਆਰਾ ਬਾਬਾ ਗਾਂਧਾ ਸਿੰਘ ਵਿਖੇ ਲਿਜਾਏ ਗਏ ਹਨ। ਇਸਤੋਂ ਇਲਾਵਾ ਅੱਗ ਨਾਲ ਗੁਰਦੁਆਰਾ ਸਾਹਿਬ ਵਿਚਲਾ ਕਾਫ਼ੀ ਸਮਾਨ ਵੀ ਅੱਗ ਦੀ ਭੇਂਟ ਚੜ ਗਿਆ।