ਬਰਨਾਲਾ: ਸਮਾਜ 'ਚ ਕੁਝ ਅਜਿਹੇ ਇਨਸਾਨ ਵੀ ਨੇ, ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹਨ। ਤਾਜ਼ਾ ਮਾਮਲਾ ਬਰਨਾਲਾ ਦੇ ਥਾਣਾ ਭਦੌੜ ਅਧੀਨ ਪੈਂਦੇ ਇੱਕ ਪਿੰਡ ਦਾ ਹੈ, ਜਿਥੇ ਅੱਧਖੜ ਉਮਰ ਦੇ ਬੰਦੇ ਵਲੋਂ ਸਾਰੀਆਂ ਹੱਦਾਂ ਟੱਪਦਿਆਂ ਮਾਸੂਮ ਬੱਚੀ ਨਾਲ ਦਰਿੰਦਗੀ ਕਰਨ ਦੀ ਕੋਸ਼ਿਸ਼ ਕੀਤੀ ਹੈ।
ਮਾਸੂਮ ਬੱਚੀ ਨਾਲ ਦਰਿੰਦਗੀ ਦੀ ਕੋਸ਼ਿਸ਼: ਦੱਸਿਆ ਜਾ ਰਿਹਾ ਕਿ 50 ਸਾਲ ਦੇ ਕਰੀਬ ਦਾ ਵਿਅਕਤੀ, ਜਿਸ ਵਲੋਂ ਸਾਢੇ ਤਿੰਨ ਸਾਲ ਦੀ ਮਾਸੂਮ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉੇਣ ਦੀ ਕੋਸ਼ਿਸ਼ ਕੀਤੀ ਗਈ। ਜਿਸ 'ਚ ਪੁਲਿਸ ਵਲੋਂ ਉਸ ਸ਼ਖ਼ਸ ਖਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਟਾਫ਼ੀਆਂ ਬਹਾਨੇ ਲੈ ਗਿਆ ਨਾਲ: ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਦੌੜ ਦੇ ਐਸਐਚਓ ਜਗਦੇਵ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਉਹ ਇੱਕ ਗਰੀਬ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਸਦੇ ਗੁਆਂਢੀ 'ਚ ਮੁਲਜ਼ਮ ਦਿਲਜੀਤ ਰਹਿੰਦਾ ਹੈ,ਜੋ ਟਾਫ਼ੀਆਂ ਦਾ ਲਾਲਚ ਦੇ ਕੇ ਉਸ ਦੀ ਧੀ ਨੂੰ ਆਪਣੇ ਨਾਲ ਘਰ ਲੈ ਗਿਆ। ਜਿਸ 'ਚ ਉਸ ਨੇ ਜਦੋਂ ਘਰ ਆ ਕੇ ਬੱਚੀ ਬਾਰੇ ਪੁੱਛਿਆ ਤਾਂ ਪਤਨੀ ਨੇ ਦੱਸਿਆ ਕਿ ਉਨ੍ਹਾਂ ਦਾ ਗੁਆਂਢੀ ਦਿਲਜੀਤ ਬੱਚੀ ਨੂੰ ਆਪਣੇ ਨਾਲ ਲੈ ਗਿਆ ਹੈ।
ਜਬਰ ਜ਼ਨਾਹ ਦੀ ਕੀਤੀ ਕੋਸ਼ਿਸ਼: ਇਸ ਦੇ ਨਾਲ ਹੀ ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਸ ਦੀ ਪਤਨੀ ਤੇ ਬੇਟਾ ਬੱਚੀ ਨੂੰ ਲੈਣ ਮੁਲਜ਼ਮ ਦੇ ਘਰ ਗਏ ਤਾਂ ਉਸ ਨੇ ਬੱਚੀ ਦੇ ਕੱਪੜੇ ਉਤਾਰੇ ਹੋਏ ਸੀ, ਜਿਸ 'ਚ ਮੌਕੇ 'ਤੇ ਪਤਨੀ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਇਸ ਕਰਤੂਤ ਤੋਂ ਬੱਚੀ ਬੁਰੀ ਤਰਾਂ ਡਰੀ ਹੋਈ ਸੀ, ਜਿਸ ਤੋਂ ਬਾਅਦ ਪਤਨੀ ਬੱਚੀ ਨੂੰ ਲੈਕੇ ਘਰ ਆ ਗਈ ਤੇ ਉਸਨੂੰ ਸਾਰੀ ਗੱਲ ਦੱਸੀ।
ਪੋਕਸੋ ਐਕਟ ਤਹਿਤ ਕਾਰਵਾਈ: ਇਸ ਘਟਨਾ ਤੋਂ ਬਾਅਦ ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ , ਜਿਸ 'ਚ ਪੁਲਿਸ ਨੇ ਪੋਕਸੋ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਵਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਤੋਂ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਮੁਲਜ਼ਮ ਪਹਿਲਾਂ ਤੋਂ ਹੀ ਅਪਰਾਧਿਕ ਮਾਨਸਿਕਤਾ ਦਾ ਵਿਅਕਤੀ ਹੈ ਤੇ ਪਹਿਲਾਂ ਵੀ ਉਸ 'ਤੇ ਸ਼ਰਾਬ ਆਦਿ ਵੇਚਣ ਦੇ ਪਰਚੇ ਦਰਜ ਹਨ।