ਬਰਨਾਲਾ: ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸ੍ਰੀਮਤੀ ਪੂਨਮ ਕਾਂਗੜਾ ਵੱਲੋਂ ਵੱਖ-ਵੱਖ ਸ਼ਿਕਾਇਤਾਂ ਦੇ ਸਬੰਧ ਵਿੱਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁਰੜ ਅਤੇ ਪਿੰਡ ਠੁੱਲੀਵਾਲ ਦਾ ਦੌਰਾ ਕੀਤਾ ਗਿਆ ਅਤੇ ਸ਼ਿਕਾਇਤਾਂ ਦੇ ਸਬੰਧ ਵਿੱਚ ਸਾਰੀਆਂ ਧਿਰਾਂ ਦੀ ਸੁਣਵਾਈ ਕੀਤੀ ਗਈ।
ਪਿੰਡ ਕੁਰੜ ਦੇ ਨਿਰਮਲ ਸਿੰਘ ਵੱਲੋਂ ਸ਼ਿਕਾਇਤ ਕਰ ਕੇ ਉਸ ਦੇ ਘਰ ਨੇੜੇ ਗਲੀ ’ਚ ਪੱਕੀ ਨਾਲੀ ਨਾ ਬਣਾਏ ਜਾਣ ਅਤੇ ਪੱਖਪਾਤ ਕੀਤੇ ਜਾਣ ਦਾ ਦੋਸ਼ ਲਾਇਆ ਗਿਆ। ਇਸ ਮੌਕੇ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਮੌਕੇ ਦਾ ਦੌਰਾ ਕੀਤਾ ਗਿਆ। ਉਨ੍ਹਾਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮਹਿਲ ਕਲਾਂ ਨੂੰ ਹੁਕਮ ਦਿੱਤੇ ਕਿ ਨਾਲੀਆਂ ਦਾ ਕੰਮ ਬਿਨਾਂ ਪੱਖਪਾਤ ਮੁਕੰਮਲ ਕਰਵਾਇਆ ਜਾਵੇ ਅਤੇ ਮਾਮਲੇ ਦੀ ਮੁਕੰਮਲ ਰਿਪੋਰਟ 19 ਅਪ੍ਰੈਲ ਤੱਕ ਕਮਿਸ਼ਨ ਦੇ ਚੰਡੀਗੜ੍ਹ ਦਫ਼ਤਰ ਵਿਖੇ ਪੇਸ਼ ਕੀਤੀ ਜਾਵੇ।
ਇਸ ਦੌਰਾਨ ਸ੍ਰੀਮਤੀ ਪੂਨਮ ਕਾਂਗੜਾ ਵੱਲੋਂ ਪਿੰਡ ਠੁੱਲੀਵਾਲ ਦਾ ਦੌਰਾ ਕਰ ਕੇ ਪਿੰਡ ਦੀ ਇੱਕ ਮਹਿਲਾ ਦੀ ਸ਼ਿਕਾਇਤ ’ਤੇ ਸੁਣਵਾਈ ਕੀਤੀ ਗਈ। ਸ਼ਿਕਾਇਤਕਰਤਾ ਵੱਲੋਂ ਪਿੰਡ ਦੇ ਵਸਨੀਕ ’ਤੇ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਤੇ ਮਾਰਕੁੱਟ ਕਰਨ ਦਾ ਦੋਸ਼ ਲਾਇਆ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸੇ ਨਾਲ ਵਧੀਕੀ ਜਾਂ ਬੇਇਨਸਾਫੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਡੀਐਸਪੀ ਮਹਿਲ ਕਲਾਂ ਨੂੰ ਮਾਮਲੇ ਦੀ ਪੜਤਾਲ ਕਰਕੇ 19 ਅਪ੍ਰੈਲ ਨੂੰ ਰਿਪੋਰਟ ਕਮਿਸ਼ਨ ਦੇ ਦਫ਼ਤਰ ਵਿਖੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਜੋ ਵੀ ਕਸੂਰਵਾਰ ਪਾਇਆ ਗਿਆ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਬਹਿਬਲ ਕਲਾਂ ਗੋਲੀਕਾਂਡ ਇਨਸਾਫ਼ ਲਈ ਪੰਥ ਦਾ ਵੱਡਾ ਇਕੱਠ: ਜਥੇਬੰਦੀਆਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ