ਬਰਨਾਲਾ: ਕਿਸਾਨੀ ਅੰਦੋਲਨ ’ਚ ਟਿਕਰੀ ਬਾਰਡਰ ’ਤੇ ਹਿੱਸਾ ਲੈਣ ਗਏ ਬਰਨਾਲਾ ਦੇ ਪਿੰਡ ਢਿੱਲਵਾਂ ਦੇ ਨੌਜਵਾਨ ਦਾ ਉਸਦੇ ਸਾਥੀ ਵੱਲੋਂ ਸੋਟੀਆਂ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਕਿਸਾਨ ਦੀ ਪਛਾਣ ਹਰਪ੍ਰੀਤ ਸਿੰਘ ਵੱਜੋਂ ਹੋਈ ਹੈ।
ਘਟਨਾ ਮੌਕੇ ਦੇ ਚਸ਼ਮਦੀਦ ਨੌਜਵਾਨ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਹਰਪ੍ਰੀਤ ਸਿੰਘ ਜੋ ਪਿਛਲੇ ਦਿਨੀਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਟਿਕਰੀ ਬਾਰਡਰ ’ਤੇ ਗਰਮੀਆਂ ਦੇ ਚੱਲਦਿਆਂ ਸ਼ੈੱਡ ਬਨਾਉਣ ਦੀ ਸੇਵਾ ਲਈ 243 ਨੰਬਰ ਪੂਲ ’ਤੇ ਗਿਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪੱਖੇ, ਕੂਲਰ ਅਤੇ ਫਰਿੱਜ਼ ਲੈਕੇ ਜਥਾ ਰਵਾਨਾ ਹੋਇਆ ਸੀ। ਪਰ ਪਿੰਡ ਦੇ ਸਾਥੀ ਨੌਜਵਾਨਾਂ ਨਾਲ ਆਪਸ ਵਿੱਚ ਕਿਸੇ ਗੱਲ ਨੂੰ ਤੂੰ-ਤੂੰ ਮੈਂ-ਮੈਂ ਹੋ ਗਈ। ਮਾਮਲਾ ਇੰਨਾਂ ਗਰਮਾ ਗਿਆ ਕਿ ਨਾਲ ਦੇ ਸਾਥੀ ਨੌਜਵਾਨ ਨੇ ਹਰਪ੍ਰੀਤ ਸਿੰਘ ਤੇ ਲੋਹੇ ਦੀ ਬਾਂਸ ਬੋਕੀ ਮਾਰ ਕੇ ਗੰਭੀਰ ਜਖਮੀ ਕਰ ਦਿੱਤਾ।
ਇਹ ਵੀ ਪੜੋ: ਕੋਰੋਨਾ ਕਾਲ ਦੌਰਾਨ ਹੋ ਰਹੀਆਂ ਸਿਆਸੀ ਰੈਲੀਆਂ ’ਤੇ ਉੱਠੇ ਸਵਾਲ, ਜ਼ਿੰਮੇਵਾਰ ਕੌਣ ?
ਲੜਾਈ ਦੇ ਕਾਰਨਾਂ ਦਾ ਕੋਈ ਵੀ ਪਤਾ ਨਹੀਂ ਚੱਲ ਸਕਿਆ। ਜਦ ਪਿੰਡ ਢਿਲਵਾਂ ਦੇ ਨੌਜਵਾਨ ਪਿੰਡ ਵਾਪਸ ਆਉਣ ਲੱਗੇ ਤਾਂ ਨੌਜਵਾਨ ਹਰਪ੍ਰੀਤ ਸਿੰਘ ਵੀ ਉਨਾਂ ਦੀ ਗੱਡੀ ਵਿੱਚ ਆ ਚੜਿਆ। ਜ਼ਖ਼ਮੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਉਹ ਟਿਕਰੀ ਬਾਰਡਰ ਤੇ ਰਿਹਾ ਤਾਂ ਉਸਦਾ ਸਾਥੀ ਉਸ ਨੂੰ ਦੁਬਾਰਾ ਫਿਰ ਕੁੱਟਮਾਰ ਕਰੇਗਾ। ਜਿਸਦੇ ਡਰ ਵਜੋਂ ਉਹ ਪਿੰਡ ਵਾਪਸ ਪਰਤਣ ਲਈ ਗੱਡੀ ਵਿੱਚ ਬੈਠ ਗਿਆ। ਪਰ ਜਦ ਸਵੇਰੇ ਕਿਸਾਨ ਗੱਡੀ ਰਾਹੀਂ ਪਿੰਡ ਪਰਤ ਰਹੇ ਸਨ ਤਾਂ ਰਸਤੇ ਵਿੱਚ ਹੀ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਕਿਸਾਨ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜੋ: 5 ਅਪ੍ਰੈਲ ਨੂੰ ਐੱਫ਼ਸੀਆਈ ਦੇ ਦਫ਼ਤਰਾਂ ਦਾ ਕਰਾਂਗੇ ਘਿਰਾਓ: ਰਾਜੇਵਾਲ