ਬਰਨਾਲਾ: ਖੇਤੀ ਕਾਨੂੰਨਾਂ ਦੇ ਰੱਦ ਹੋਣ ਦੇ ਇੱਕ ਵਰ੍ਹੇ ਬਾਅਦ ਵੀ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਭਾਜਪਾ ਵਿਰੁੱਧ ਰੋਸ ਬਰਕਰਾਰ ਹੈ। ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ’ਤੇ ਹਰ ਸਾਲ ਹੋਣ ਵਾਲੀ ਤਿੰਨ ਰੋਜ਼ਾ ਬਰਸੀ ਸਮਾਗਮ ਵਿਚੋਂ ਭਾਜਪਾ ਨੂੰ ਆਊਟ ਕੀਤਾ ਗਿਆ ਹੈ। ਪ੍ਰਬੰਧਕਾਂ ਵੱਲੋਂ ਇਸ ਸਮਾਗਮ ਲਈ ਬਣਵਾਏ ਪੋਸਟਰਾਂ ਵਿਚ ਭਾਜਪਾ ਦਾ ਜ਼ਿਕਰ ਨਹੀਂ ਹੈ। ਜਦ ਸੂਬੇ ਦੀ ਹਰ ਛੋਟੀ ਵੱਡੀ ਪਾਰਟੀ ਅਤੇ ਜਥੇਬੰਦੀਆਂ ਨੂੰ ਬੋਲਣ ਬਾਰੇ ਸਮਾਂ-ਸੂਚੀ ਜਾਰੀ ਕੀਤੀ ਗਈ ਹੈ।
ਇਹ ਵੀ ਪੜੋ: ਮੋਗਾ ਦੇ ਕਬੱਡੀ ਖਿਡਾਰੀ ਦੀ ਕੈਨੇਡਾ 'ਚ ਮੌਤ, ਇਲਾਕੇ 'ਚ ਫੈਲੀ ਸੋਗ ਦੀ ਲਹਿਰ
ਕਿਸਾਨ ਜਥੇਬੰਦੀ ਵੱਲੋਂ ਵਿਰੋਧ: ਪਤਾ ਲੱਗਾ ਹੈ ਕਿ ਕਿਸਾਨ ਜੱਥੇਬੰਦੀ ਦੇ ਵਿਰੋਧ ਦੇ ਚੱਲਦਿਆਂ ਪ੍ਰਬੰਧਕਾਂ ਨੇ ਭਾਜਪਾ ਨੇਤਾਵਾਂ ਨੂੰ ਨਾ ਬੁਲਾਉਣ ਦਾ ਫੈਸਲਾ ਕੀਤਾ ਹੈ। ਜਦਕਿ ਇਸਤੋਂ ਪਹਿਲਾਂ ਭਾਜਪਾ ਦੇ ਨੇਤਾ ਵੀ ਬਰਸੀ ਸਮਾਗਮ ਮੌਕੇ ਸ਼ਹੀਦ ਸੇਵਾ ਸਿੰਘ ਨੂੰ ਸ਼ਰਧਾਂਜਲੀ ਦੇਣ ਆਉਂਦੇ ਰਹੇ ਹਨ। ਪਿਛਲੇ ਦੋ ਵਰਿਆਂ ਤੋਂ ਬਰਸੀ ਸਮਾਗਮ ਮੌਕੇ ਖੇਤੀ ਕਾਨੂੰਨਾਂ ਦੇ ਸੰਘਰਸ਼ ਕਾਰਨ ਪਿੰਡ ਵਾਸੀਆਂ ਵਲੋਂ ਬੀਜੇਪੀ ਦਾ ਬਾਈਕਾਟ ਕੀਤਾ ਗਿਆ ਸੀ ਜੋ ਅੱਜ ਵੀ ਕਾਇਮ ਹੈ।
89ਵੀਂ ਸਾਲਾਨਾ ਬਰਸੀ: ਸ਼ਹੀਦ ਸੇਵਾ ਸਿੰਘ ਦੀ 89ਵੀਂ ਸਾਲਾਨਾ ਬਰਸੀ 18 ਤੋਂ 20 ਜਨਵਰੀ ਤੱਕ ਪਿੰਡ ਠੀਕਰੀਵਾਲਾ ਵਿਖੇ ਮਨਾਈ ਜਾ ਰਹੀ ਹੈ। ਬਰਸੀ ਸਮਾਗਮ ਲਈ ਬਾਕਾਇਦਾ ਹਰ ਵਰ੍ਹੇ ਸ੍ਰੀ ਆਖੰਡ ਸਾਹਿਬ ਪ੍ਰਕਾਸ਼ ਕਰਵਾਏ ਜਾਂਦੇ ਹਨ। ਸਮਾਗਮ ਦੇ ਪਹਿਲੇ ਦਿਨ ਸੱਤਾ ਧਿਰ ਦੇ ਨੇਤਾ ਪਹੁੰਚ ਕੇ ਸ਼ਰਧਾਂਜਲੀ ਭੇਂਟ ਕਰਦੇ ਹਨ। ਜਦਕਿ ਦੂਜੇ ਦਿਨ ਵਿਰੋਧੀ ਰਾਜਸੀ ਪਾਰਟੀਆਂ ਸਮੇਤ ਵੱਖ-ਵੱਖ ਧਾਰਮਿਕ ਸਮਾਜਿਕ ਤੇ ਕਿਸਾਨ ਜੱਥੇਬੰਦੀਆਂ ਦੇ ਨੇਤਾ ਪਹੁੰਚਦੇ ਹਨ।
ਇਸ ਸਬੰਧੀ ਸਮਾਗਮ ਪ੍ਰਬੰਧਕ ਜਗਸੀਰ ਸਿੰਘ ਔਲਖ ਨੇ ਕਿਹਾ ਕਿ ਪਿੰਡ ਦੀਆਂ ਕਿਸਾਨ ਜੱਥੇਬੰਦੀਆਂ ਨੇ ਉਹਨਾਂ ਕੋਲ ਬਰਸੀ ਸਮਾਗਮ ਮੌਕੇ ਭਾਜਪਾ ਦੇ ਕਿਸੇ ਨੇਤਾ ਨੂੰ ਨਾ ਬੁਲਾਉਣ ਲਈ ਕਿਹਾ ਸੀ। ਪਿੰਡ ਜਾਂ ਸਮਾਗਮ ਵਿੱਚ ਕੋਈ ਵਿਵਾਦ ਨਾ ਹੋਵੇ ਇਸਦੇ ਮੱਦੇਨਜ਼ਰ ਬੀਜੇਪੀ ਦੇ ਕਿਸੇ ਨੇਤਾ ਨੂੰ ਸਮਾਗਮ ਮੌਕੇ ਸੱਦਿਆ ਨਹੀਂ ਗਿਆ ਜਿਸ ਕਰਕੇ ਉਹਨਾਂ ਦਾ ਪੋਸਟਰ ਵਿੱਚ ਵੀ ਜ਼ਿਕਰ ਨਹੀਂ ਹੈ।
ਕੇਂਦਰ ਨੇ ਵਾਅਦੇ ਨਹੀਂ ਕੀਤੇ ਪੂਰੇ: ਉਥੇ ਬੀਕੇਯੂ ਡਕੌਂਦਾ ਪਿੰਡ ਠੀਕਰੀਵਾਲਾ ਇਕਾਈ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕੀਤੀ ਵਾਅਦਾਖਿਲਾਫੀ ਉਹ ਭੁੱਲੇ ਨਹੀਂ ਹਨ। ਸਰਕਾਰ ਕਿਸਾਨਾਂ ਨਾਲ ਕੀਤੀ ਐਮਐਸਪੀ ਗਾਰੰਟੀ ਕਾਨੂੰਨ ਲਖੀਮਪੁਰ ਖੀਰੀ ਘਟਨਾ ਦੇ ਇਨਸਾਫ ਕਿਸਾਨਾਂ ’ਤੇ ਦਰਜ਼ ਪਰਚੇ ਰੱਦ ਕਰਨ ਦੇ ਵਾਅਦੇ ਤੋਂ ਭੱਜ ਚੁੱਕੀ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਉਹ ਅੱਜ ਵੀ ਸੰਘਰਸ਼ ਕਰ ਰਹੇ ਹਨ। ਇਸੇ ਕਾਰਨ ਉਹ ਭਾਜਪਾ ਅਤੇ ਇਸਦੇ ਨੇਤਾਵਾਂ ਦਾ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਫਿਰ ਵੀ ਕੋਈ ਭਾਜਪਾ ਨੇਤਾ ਬਰਸੀ ਸਮਾਗਮ ਮੌਕੇ ਆਉਂਦਾ ਹੈ ਤਾਂ ਉਸਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਕੇ ਵਾਪਸ ਮੋੜਿਆ ਜਾਵੇਗਾ।