ਬਰਨਾਲਾ: ਪਿੰਡ ਟੱਲੇਵਾਲ ਵਿੱਚ 2 ਕਿਸਾਨ ਭਰਾਵਾਂ ਦੀ 70 ਏਕੜ ਖੜ੍ਹੀ ਕਣਕ ਦੀ ਫ਼ਸਲ ਗਲਤ ਸਪਰੇਅ ਦੇ ਛਿੜਕਾਅ ਕਾਰਨ ਖ਼ਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲ ਖਰਾਬ ਹੋਣ ਕਰਕੇ ਲੱਖਾਂ ਦਾ ਨੁਕਸਾਨ ਹੋਇਆ ਹੈ।
ਪੀੜਤ ਕਿਸਾਨ ਭਰਾ ਪਰਮਜੀਤ ਸਿੰਘ ਤੇ ਜਗਤਾਰ ਸਿੰਘ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ 70 ਏਕੜ ਜ਼ਮੀਨ ਠੇਕੇ 'ਤੇ ਲਈ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਦੇ ਅਨੁਸਾਰ ਝੋਨੇ ਦੀ ਪਰਾਲੀ ਨੂੰ ਸਾੜੇ ਬਿਨਾਂ ਕਣਕ ਦੀ ਫ਼ਸਲ ਬੀਜੀ ਸੀ, ਜਿਸ 'ਤੇ ਆਮ ਬਿਜਾਈ ਨਾਲੋਂ ਦੁੱਗਣਾ ਖ਼ਰਚ ਆਇਆ ਸੀ।
ਇਸ ਦੇ ਨਾਲ ਹੀ ਕਣਕ ਦੀ ਫਸਲ 'ਤੇ ਵਾਇਰ ਕੰਪਨੀ ਦੀ ਐਟਲਾਂਟਿਸ ਕੀਟਨਾਸ਼ਕ ਦਵਾਈ ਦੀ ਵਰਤੋਂ ਕੀਤੀ ਗਈ ਸੀ, ਪਰ ਇਸ ਕੀਟਨਾਸ਼ਕਾਂ ਕਾਰਨ ਉਸ ਦੀ ਸਾਰੀ ਕਣਕ ਦੀ ਫਸਲ ਮੱਚ ਗਈ ਹੈ। ਉਸਨੇ ਦੱਸਿਆ ਕਿ ਉਸਨੇ ਕਣਕ ਦੀ ਫ਼ਸਲ ਬਹੁਤ ਮਹਿੰਗੇ ਭਾਅ 'ਤੇ ਬੀਜੀ ਹੈ। ਉਸਨੂੰ ਪਰਾਲੀ ਨਾ ਮਚਾਉਣ ਦਾ ਮੁਆਵਜ਼ਾ ਵੀ ਨਹੀਂ ਮਿਲਿਆ ਅਤੇ ਹੁਣ ਕਣਕ ਦੀ 70 ਏਕੜ ਫ਼ਸਲ ਵੀ ਬਰਬਾਦ ਹੋ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ, ਕਿ ਕੰਪਨੀ ਨੂੰ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
ਉੱਥੇ ਹੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਦਰਸ਼ਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਲਈ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਦੇ ਪਿੰਡ ਦੇ ਕਿਸਾਨਾਂ ਕੋਲ 70 ਏਕੜ ਜ਼ਮੀਨ ਹੈ। ਇਸ ਵਿੱਚ ਬਿਨਾਂ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਕਣਕ ਦੀ ਬਿਜਾਈ ਕੀਤੀ ਸੀ, ਪਰ ਉਸ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ, ਜਦੋਂ ਕਿ ਵੱਡੇ ਕਾਂਗਰਸੀ ਨੇਤਾ ਇਹ ਮੁਆਵਜ਼ਾ ਲੈ ਗਏ। ਕਿਸਾਨਾਂ ਨੇ 65,000 ਰੁਪਏ ਦੇ ਹਿਸਾਬ ਨਾਲ ਜ਼ਮੀਨ ਠੇਕੇ 'ਤੇ ਲਈ ਹੈ।
ਉਨ੍ਹਾਂ ਕਿਹਾ ਕਿ ਕੀਟਨਾਸ਼ਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਪੰਜਾਬ ਸਰਕਾਰ ਦੇ ਲੀਡਰ ਅਤੇ ਅਧਿਕਾਰੀ ਰਿਸ਼ਵਤ ਲੈ ਕੇ ਨਕਲੀ ਕੀਟਨਾਸ਼ਕ ਦਵਾਈਆਂ ਨੂੰ ਮਨਜ਼ੂਰੀ ਦੇ ਰਹੇ ਹਨ, ਜੋ ਕਿ ਸਿੱਧੇ ਤੌਰ ‘ਤੇ ਕਿਸਾਨਾਂ ਦਾ ਨੁਕਸਾਨ ਕਰ ਰਹੇ ਹਨ।
ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਪੀੜਤ ਕਿਸਾਨ ਭਰਾਵਾਂ ਨੂੰ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਉਹ ਜੱਥੇਬੰਦੀ ਵਲੋਂ ਤਿੱਖਾ ਸੰਘਰਸ਼ ਕਰਨਗੇ।
ਉਧਰ ਬਾਇਰ ਕੰਪਨੀ ਦੇ ਅਧਿਕਾਰੀ ਰਾਜੇਸ਼ ਨੇ ਦੱਸਿਆ ਕਿ ਪੀੜਤ ਕਿਸਾਨਾਂ ਨੇ 3 ਨੂੰ ਕੀਟਨਾਸ਼ਕ ਦਵਾਈ ਖਰੀਦੀ ਸੀ ਤੇ 4 ਨੂੰ ਦਵਾਈ ਦਾ ਛਿੜਕਾਅ ਕੀਤਾ ਸੀ ਤੇ 6 ਤਰੀਕ ਨੂੰ ਮੀਂਹ ਪੈ ਗਿਆ। ਮੀਂਹ ਪੈਣ ਨਾਲ ਫਸਲ ਦਾ ਨੁਕਸਾਨ ਹੋਇਆ ਹੈ ਤੇ ਉਨ੍ਹਾਂ ਨੇ ਇਸ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।
ਖੇਤੀਬਾੜੀ ਅਫਸਰ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿਹਾ ਕਿ ਕਿਸਾਨੀ ਦੀ ਫ਼ਸਲ ਨੂੰ ਨੁਕਸਾਨ ਹੋਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਟੀਮ ਨੂੰ ਮੌਕੇ 'ਤੇ ਜਾਂਚ ਲਈ ਭੇਜਿਆ ਹੈ। ਜਿਵੇਂ ਹੀ ਰਿਪੋਰਟ ਆਉਂਦੀ ਹੈ, ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਸ ਡੀਲਰ ਤੋਂ ਇਹ ਕੀਟਨਾਸ਼ਕ ਦਵਾਈ ਖਰੀਦੀ ਗਈ ਸੀ, ਉਸ ਦੀ ਦੁਕਾਨ ਤੋਂ ਨਮੂਨੇ ਲੈ ਕੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।