ਬਰਨਾਲਾ: ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਕਾਰਨ ਆਮ ਲੋਕਾਂ ਦੇ ਜਨ ਜੀਵਨ ’ਤੇ ਪ੍ਰਭਾਵ ਪਾਇਆ ਹੈ, ਉੱਥੇ ਇਸ ਵਾਇਰਸ ਦੀ ਆੜ ਵਿੱਚ ਪਿੰਡਾਂ ਵਿੱਚ ਆਪਣੀ ਰੰਜਿਸ਼ਾਂ ਵੀ ਕੱਢੀਆਂ ਜਾ ਰਹੀਆਂ ਹਨ। ਮਾਮਲਾ ਬਰਨਾਲਾ ਦੇ ਪਿੰਡ ਪੱਖੋ ਕਲਾਂ ਦਾ ਹੈ ਤੇ ਕਾਂਗਰਸੀ ਸਰਪੰਚ ਵਲੋਂ ਪਿੰਡ ਦੇ 23 ਵਿਅਕਤੀਆਂ ਨੂੰ ਬਿਨ੍ਹਾਂ ਕਿਸੇ ਕਾਰਨ ਤੋਂ ਸਕੂਲ ਵਿੱਚ ਬੰਦੀ ਬਣਾਇਆ ਗਿਆ ਅਤੇ ਖਾਣ-ਪੀਣ ਲਈ ਕੁੱਝ ਵੀ ਨਹੀਂ ਦਿੱਤਾ ਗਿਆ। ਬੰਦੀ ਬਣਾਏ ਲੋਕਾਂ ਨੇ ਸਰਪੰਚ ’ਤੇ ਧੜੇਬੰਦੀ ਦੀ ਰੰਜਿਸ਼ ਕੱਢਣ ਦਾ ਦੋਸ਼ ਲਗਾਉਂਦਿਆਂ ਇਸ ਧੱਕੇਸ਼ਾਹੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ।
ਪਿੰਡ ਪੱਖੋ ਕਲਾਂ ਦੇ ਪੀੜਤ ਕਈ ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉੁਹ ਆਪਣੇ ਸਾਥੀਆਂ ਸਮੇਤ ਜੈਪੁਰ ਤੂੜੀ ਦੀ ਢੋਆ ਢੁਆਈ ਲੈ ਕੇ ਗਏ ਸਨ। ਉਹ 5 ਅਪਰੈਲ ਨੂੰ ਪਿੰਡ ਸਾਥੀਆਂ ਸਮੇਤ ਪੁੱਜੇ ਤਾਂ ਪਿੰਡ ਦੇ ਸਰਪੰਚ ਅਤੇ ਉਸਦੇ ਸਾਥੀਆਂ ਨੇ ਪਿੰਡ ਦੇ ਬਣੇ ਇੱਕ ਸਰਕਾਰੀ ਸਕੂਲ ਵਿੱਚ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੇ ਕਹਿਣ ’ਤੇ ਬੰਦੀ ਬਣਾ ਦਿੱਤਾ।
ਪੀੜਤ ਲੋਕਾਂ ਨੇ ਇਹ ਵੀ ਦੱਸਿਆ ਕਿ 23 ਵਿਅਕਤੀਆਂ ਨੂੰ ਪਿਛਲੇ ਕਈ ਦਿਨਾਂ ਤੋਂ ਸਰਕਾਰੀ ਸਕੂਲ ਦੇ ਦੋ ਕਮਰਿਆਂ ਵਿੱਚ ਰੱਖਿਆ ਗਿਆ ਪਰ ਕਮਰੇ ਵਿੱਚ ਬੰਦੀ ਬਣਾਏ ਗਏ ਪਿੰਡ ਵਾਸੀਆਂ ਨੂੰ ਖਾਣ-ਪੀਣ ਲਈ ਵੀ ਕੁੱਝ ਨਹੀਂ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਨਾ ਹੀ ਉਨ੍ਹਾਂ ਨੂੰ ਸਿਹਤ ਵਿਭਾਗ ਵਲੋਂ ਕੋਈ ਵੀ ਟੈਸਟ ਨਹੀਂ ਕਰਵਾਇਆ ਗਿਆ। ਇਸ ਕਰਕੇ ਉਨਾਂ ਦੇ ਪਰਿਵਾਰਕ ਮੈਂਬਰ ਹੀ ਸਕੂਲ ਵਿੱਚ ਆ ਕੇ ਉਨ੍ਹਾਂ ਰੋਟੀ ਪਾਣੀ ਦੇ ਕੇ ਜਾਂਦੇ ਸਨ।
ਇਸ ਕਰਕੇ ਅੱਜ ਰੋਸ ਵਿਚ ਆਏ ਸਾਰੇ ਬੰਦੀ ਵਿਅਕਤੀਆਂ ਨੇ ਪੰਜਾਬ ਦੀ ਕੈਪਟਨ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕਰਦੇ ਕਿਹਾ ਕਿ ਪਿੰਡ ਪੱਖੋ ਕਲਾਂ ਦਾ ਸਰਪੰਚ ਕਾਂਗਰਸ ਪਾਰਟੀ ਨਾਲ ਸਬੰਧਿਤ ਹੈ।
ਪਿਛਲੀਆਂ ਰੰਜਿਸ਼ਾਂ ਕੱਢਣ ਦੇ ਚੱਲਦਿਆਂ ਉਨ੍ਹਾਂ ਨੂੰ ਕਮਰੇ ਅੰਦਰ ਜਬਰਨ ਬੰਦ ਕੀਤਾ ਗਿਆ ਸੀ ਅਤੇ ਨਾ ਕੁਝ ਖਾਣ ਪੀਣ ਨੂੰ ਦਿੱਤਾ ਗਿਆ। ਬੰਦੀ ਵਿਅਕਤੀਆਂ ਨੇ ਇਸਦੀ ਸੂਚਨਾ ਮੀਡੀਆ ਨੂੰ ਦਿੱਤੀ। ਜਦ ਮੀਡੀਆ ਮੌਕੇ ’ਤੇ ਪੁੱਜਾ ਤਾਂ ਉਸਤੋਂ ਬਾਅਦ ਇਨਾਂ ਵਿਅਕਤੀਆਂ ਨੂੰ ਕਮਰਿਆਂ ਤੋਂ ਬਾਹਰ ਕੱਢਿਆ ਗਿਆ। ਮੌਕੇ ’ਤੇ ਸਕੂਲ ਅਤੇ ਸਿਹਤ ਵਿਭਾਗ ਸਮੇਤ ਪੰਚਾਇਤ ਦਾ ਕੋਈ ਵੀ ਵਿਅਕਤੀ ਹਾਜ਼ਰ ਨਹੀਂ ਸੀ।
ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਆਪੋ ਆਪਣੀਆਂ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਰੰਜਿਸ਼ਾਂ ਕੱਢਣ ਦੇ ਲਈ ਕਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਦਾ ਨਾਮ ਲੈ ਕੇ ਉਨ੍ਹਾਂ ਨੂੰ ਜ਼ਬਰਨ ਸਕੂਲ ਦੇ ਕਮਰਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਬੰਦ ਕੀਤਾ ਗਿਆ ਸੀ।
ਪੀੜਤ ਵਿਅਕਤੀਆਂ ਨੇ ਕਿਹਾ ਕਿ ਸਰਪੰਚ ਅਤੇ ਉਸਦੇ ਸਾਥੀਆਂ ਨੇ ਉਨ੍ਹਾਂ ਨੂੰ ਗੰਦੀਆਂ ਗਾਲਾਂ ਵੀ ਕੱਢੀਆਂ ਅਤੇ ਧਮਕੀਆਂ ਵੀ ਦਿੱਤੀਆਂ ਪੀੜਤ ਬੰਦੀ ਵਿਅਕਤੀਆਂ ਨੇ ਕਿਹਾ ਕਿ ਉਹ ਪੰਜਾਬ ਦੀ ਕੈਪਟਨ ਸਰਕਾਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਪੱਖੋ ਕਲਾਂ ਦੇ ਸਰਪੰਚ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਇਸ ਮਾਮਲੇ ਸਬੰਧੀ ਪਿੰਡ ਪੱਖੋ ਕਲਾਂ ਦੇ ਸਰਪੰਚ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਮੀਡੀਆ ਸਾਹਮਣੇ ਕੁਝ ਵੀ ਬੋਲਣ ਤੋਂ ਜਵਾਬ ਦੇ ਦਿੱਤਾ। ਜਿਸਤੋਂ ਇਹ ਸਾਬਤ ਹੁੰਦਾ ਹੈ ਕਿ ਪਾਰਟੀ ਆਗੂ ਆਪਣੀਆਂ ਨਿੱਜੀ ਰੰਜਿਸ਼ਾਂ ਲਈ ਕਰੋਨਾ ਵਾਇਰਸ ਦੀ ਭਿਆਨਕ ਕੁਮਾਰੀ ਨੂੰ ਮੋਹਰਾ ਬਣਾ ਕੇ ਆਪਣੇ ਸਵਾਰਥ ਪੂਰੇ ਕਰ ਰਿਹਾ ਹੈ।
ਇਸ ਮੌਕੇ ਸਬੰਧਤ ਥਾਣਾ ਰੂੜੇਕੇ ਕਲਾਂ ਦੇ ਐਸਐਚਓ ਸਰਦਾਰ ਕਮਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਦੇ ਵਿਅਕਤੀਆਂ ਨੂੰ ਸਮਝਾ ਕੇ ਸ਼ਾਂਤ ਕਰਾ ਕੇ ਘਰ ਭੇਜ ਦਿੱਤਾ ਗਿਆ ਹੈ। ਜੋੋ ਵੀ ਜਾਂਚ ਸਾਹਮਣੇ ਆਵੇਗਾ, ਉਸਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।