ਅੰਮ੍ਰਿਤਸਰ: ਜਲੰਧਰ ਦੇ ਭੋਗਪੁਰ ਦੇ ਪਿੰਡ ਨੰਗਲ ਅਰੀਆ ਦੇ 28 ਸਾਲਾ ਦਲਜੀਤ ਕੁਮਾਰ ਪੁੱਤਰ ਕਿਸ਼ਨ ਲਾਲ ਦੀ ਮ੍ਰਿਤਕ ਦੇਹ ਨੂੰ ਤੜਕਸਾਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਅੰਮ੍ਰਿਤਸਰ ਵਿਖੇ ਪਹੁੰਚੀ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਦਲਜੀਤ ਕੁਮਾਰ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਨੂੰ ਸੁਧਾਰਨ ਦੀ ਕੋਸ਼ਿਸ਼ 'ਚ ਦੋ ਸਾਲ ਪਹਿਲਾਂ ਹੀ ਮਿਹਨਤ ਮਜ਼ਦੂਰੀ ਕਰਨ ਲਈ ਦੁਬਈ ਆਇਆ ਸੀ।
![28 ਸਾਲ ਨੌਜਵਾਨ ਦੀ ਮ੍ਰਿਤਕ ਦੇਹ ਦੁਬਈ ਤੋਂ ਪੁੱਜੀ ਵਤਨ](https://etvbharatimages.akamaized.net/etvbharat/prod-images/tb-asr-01-societynews-photo-pbc10057_22082021154107_2208f_1629627067_1054.jpg)
ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਦੱਸੇ ਮੁਤਾਬਕ ਦਲਜੀਤ ਨੇ ਕੁਝ ਕਾਰਨਾਂ ਕਰਕੇ ਆਪਣੀ ਕੰਮ ਵਾਲੀ ਕੰਪਨੀ ਨੂੰ ਛੱਡ ਦਿੱਤਾ ਸੀ। ਜਿਸ ਉਪਰੰਤ ਕੰਪਨੀ ਨੇ ਉਸ ਖਿਲਾਫ਼ ਵਿਚਾਲੇ ਕੰਟਰੈਕਟ ਤੋੜਨ ਦਾ ਕੇਸ ਦਰਜ ਕਰਵਾ ਦਿੱਤਾ ਸੀ। ਇਸ ਪਿੱਛੋਂ ਕੋਈ ਹੋਰ ਕੰਮ ਨਾ ਮਿਲਣ ਕਾਰਨ ਉਹ ਮਾਨਸਿਕ ਦਬਾਅ ਹੇਠ ਆ ਗਿਆ ਸੀ। ਕੁਝ ਦਿਨ ਜ਼ਿਆਦਾ ਬਿਮਾਰ ਰਹਿਣ ਕਾਰਨ ਬੀਤੀ 1 ਅਗਸਤ ਨੂੰ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਪੀੜਤ ਪਰਿਵਾਰ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨਾਲ ਸੰਪਰਕ ਕਰ ਕੇ ਆਪਣੀ ਬੇਵਸੀ ਦਾ ਹਵਾਲਾ ਦਿੰਦਿਆਂ ਮ੍ਰਿਤਕ ਦੇਹ ਭਾਰਤ ਪਹੁੰਚਾਉਣ 'ਚ ਸਹਿਯੋਗ ਕਰਨ ਲਈ ਕਿਹਾ ਸੀ।
ਉਨ੍ਹਾਂ ਦੱਸਿਆ ਹੈ ਕਿ ਜਿਸ ਉਪਰੰਤ ਉਨ੍ਹਾਂ ਨੇ ਭਾਰਤੀ ਦੂਤਾਵਾਸ ਦੇ ਵਿਸ਼ੇਸ਼ ਸਹਿਯੋਗ ਸਦਕਾ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ 'ਚ ਜਲਦ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਦਲਜੀਤ ਦੇ ਮ੍ਰਿਤਕ ਸਰੀਰ ਨੂੰ ਅੱਜ ਸਵੇਰੇ ਤੜਕਸਾਰ ਭਾਰਤ ਭੇਜ ਕੇ ਉਸ ਦੇ ਵਾਰਸਾਂ ਨੂੰ ਸੌੰਪ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੁਆਰਾ ਹੁਣ ਤੱਕ 249 ਬਦਨਸੀਬ ਲੋਕਾਂ ਦੇ ਮਿ੍ਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
![28 ਸਾਲ ਨੌਜਵਾਨ ਦੀ ਮ੍ਰਿਤਕ ਦੇਹ ਦੁਬਈ ਤੋਂ ਪੁੱਜੀ ਵਤਨ](https://etvbharatimages.akamaized.net/etvbharat/prod-images/tb-asr-01-societynews-photo-pbc10057_22082021154107_2208f_1629627067_198.jpg)
ਹਵਾਈ ਅੱਡੇ ਤੋਂ ਮ੍ਰਿਤਕ ਸਰੀਰ ਲੈਣ ਪਹੁੰਚੇ ਮ੍ਰਿਤਕ ਦੇ ਚਾਚੇ ਅਮਰਜੀਤ ਸਿੰਘ ਅਤੇ ਦਿਲਬਾਗ ਆਦਿ ਤੋਂ ਇਲਾਵਾ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਉਸਦੀ ਮ੍ਰਿਤਕ ਦੇਹ ਲੈ ਕੇ ਆਉਣ ਲਈ ਵੱਡਾ ਸਹਿਯੋਗ ਕਰਨ 'ਤੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਪਰਿਵਾਰ ਨੂੰ ਦਲਜੀਤ ਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ।