ਅੰਮ੍ਰਿਤਸਰ: ਬੀਤੀ ਰਾਤ ਥਾਣਾ ਛੇਹਰਟਾ ਅਧੀਨ ਗੁਰਦਵਾਰਾ ਸਾਹਿਬ ਨੇੜੇ ਇੱਕ ਨੌਜਵਾਨ ਉਪਰ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀਆਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਇੱਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਮਲੇ ਦਾ ਕਾਰਨ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਆਰੰਭ ਦਿੱਤੀ ਹੈ।
ਸੁਭਾਸ਼ ਰੋਡ ਦੇ ਰਹਿਣ ਵਾਲੇ ਜ਼ਖ਼ਮੀ ਨੌਜਵਾਨ ਮਾਨਿਕ ਦੇ ਦੋਸਤ ਨੂਰ ਨੇ ਦੱਸਿਆ ਕਿ ਜੀਆਰਪੀ ਥਾਣੇ ਵਿੱਚ ਕੁੱਝ ਮਹੀਨੇ ਪਹਿਲਾਂ ਮਾਨਿਕ ਤੇ ਉਸਦੇ ਸਾਥੀ ਵਿਰੁਧ ਗੋਲੀ ਚਲਾਏ ਜਾਣ ਦਾ ਕੇਸ ਦਰਜ ਹੋਇਆ ਸੀ, ਜਿਸ ਵਿੱਚ ਉਹ ਕੁੱਝ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ।
ਉਸ ਨੇ ਦੱਸਿਆ ਕਿ ਉਹ ਤੇ ਮਾਨਿਕ ਬੀਤੇ ਦਿਨ ਗੁਰਦਵਾਰਾ ਛੇਹਰਟਾ ਸਾਹਿਬ ਨੇੜੇ ਪਾਰਕ ਵਿੱਚ ਖੇਡ ਰਹੇ ਤੀਜੇ ਦੋਸਤ ਆਕਾਸ਼ ਨੂੰ ਛੱਡਣ ਲਈ ਗਏ ਸਨ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਇੱਕ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਹੁਮਾ ਤੇ ਬੁੱਲੜ ਤੇ ਇੱਕ ਅਣਪਛਾਤੇ ਨੇ ਹਮਲਾ ਕਰ ਦਿੱਤਾ। ਦੋ ਜਣਿਆਂ ਨੇ ਉਸ ਨੂੰ ਫੜ ਲਿਆ ਅਤੇ ਹੁਮਾ ਨੇ ਮਾਨਿਕ 'ਤੇ ਕਿਸੇ ਪੁਰਾਣੀ ਰੰਜਿਸ਼ ਕਾਰਨ ਗੋਲੀਆਂ ਚਲਾ ਦਿੱਤੀਆਂ। ਉਪਰੰਤ ਤਿੰਨੇ ਫ਼ਰਾਰ ਹੋ ਗਏ। ਜ਼ਖ਼ਮੀ ਮਾਨਿਕ ਨੂੰ ਤੁਰੰਤ ਲੋਕਾਂ ਦੀ ਸਹਾਇਤਾ ਨਾਲ ਇੱਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
ਹਮਲੇ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਅਰੰਭ ਦਿੱਤੀ ਹੈ। ਪੁਲਿਸ ਅਧਿਕਾਰੀ ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਕਾਰਨ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਜਾਂਚ ਜਾਰੀ ਹੈ।