ਅੰਮ੍ਰਿਤਸਰ: ਪਤੀ ਤੇ ਸਹੁਰਾ ਪਰਿਵਾਰ ਤੋਂ ਪਰੇਸ਼ਾਨ ਔਰਤ ਨੇ ਇਲਾਕਾ ਵਾਸੀਆਂ ਨਾਲ ਮਿਲ ਪਰਿਵਾਰ ਅਤੇ ਪ੍ਰਸ਼ਾਸਨ ਵਿਰੁੱਧ ਥਾਣਾ ਕੋਟ ਖਾਲਸਾ ਦੇ ਬਾਹਰ ਧਰਨਾ ਲਾਇਆ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਇਹ ਮਾਮਲਾ ਸਹੁਰੇ ਪਰਿਵਾਰ ਅਤੇ ਪਤੀ ਵੱਲੋਂ ਪਤਨੀ ਨੂੰ ਘਰੋਂ ਕੱਢੇ ਜਾਣ ਦਾ ਹੈ।
ਗੱਲਬਾਤ ਦੌਰਾਨ ਪੀੜਤਾ ਪੂਨਮ ਨੇ ਦੱਸਿਆ ਕਿ ਉਸਦੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਉਸਨੇ ਕਮਲ ਕਿਸ਼ੋਰ ਵਾਸੀ ਪ੍ਰੇਮ ਨਗਰ ਨਾਲ ਦੂਜਾ ਵਿਆਹ 2004 'ਚ ਕਰਵਾਇਆ ਸੀ, ਜਿਸ ਤੋਂ ਬਾਅਦ ਉਸਦੇ ਘਰ ਇਕ ਹੋਰ ਬੇਟੇ ਨੇ ਜਨਮ ਲਿਆ। ਉਸਨੇ ਦੱਸਿਆ ਕਿ ਲੰਮਾ ਸਮਾਂ ਬੀਤਣ ਦੇ ਬਾਅਦ ਉਸਦੇ ਪਤੀ ਨੇ ਇਲਾਕਾ ਵਾਸੀਆਂ ਦੇ ਕੋਲੋਂ ਕਾਫ਼ੀ ਕਰਜ਼ਾ ਚੁੱਕ ਲਿਆ ਤੇ ਈਵਜ ਵੱਜੋਂ ਉਸਦੇ ਚੈਕ ਕਈ ਲੋਕਾਂ ਨੂੰ ਦਿੱਤੇ।
ਪੀੜਤਾ ਨੇ ਦੱਸਿਆ ਕਿ ਕੁੱਝ ਚਿਰ ਪਹਿਲਾਂ ਉਸਦੇ ਪਤੀ ਨੇ ਲੋਕਾਂ ਦਾ 35 ਲੱਖ ਦੇ ਕਰੀਬ ਕਰਜ਼ਾ ਵਾਪਿਸ ਕਰ ਦਿੱਤਾ, ਪਰ ਬਾਕੀ ਕਰੀਬ 25 ਲੱਖ ਦਾ ਕਰਜ਼ਾ ਦੇਣ ਤੋਂ ਮਨ੍ਹਾਂ ਕਰ ਦਿੱਤਾ, ਜਿਸਨੂੰ ਲੈ ਕੇ ਉਨ੍ਹਾਂ 'ਚ ਦੋ ਮਹੀਨੇ ਪਹਿਲਾਂ ਝਗੜਾ ਵੀ ਹੋਇਆ ਸੀ। ਮਾਮਲੇ ਦਾ ਪੁਲਿਸ ਥਾਣੇ ਪਹੁੰਚਣ 'ਤੇ ਕੋਈ ਫ਼ੈਸਲਾ ਨਾ ਹੋਣ 'ਤੇ ਪੁਲਸ ਵੱਲੋਂ ਦੋਵਾਂ ਧਿਰਾਂ 'ਤੇ 751 ਦਾ ਕੇਸ ਦਰਜ਼ ਕਰ ਦਿੱਤਾ, ਜਿਸ ਤੋਂ ਬਾਅਦ ਉਹ ਆਪਣੇ ਪੇਕੇ ਪਰਿਵਾਰ ਚੱਲੀ ਗਈ।
ਉਸ ਦਾ ਕਹਿਣਾ ਹੈ ਕਿ ਹੁਣ ਜਦੋਂ ਉਹ ਆਪਣੀ ਵੱਡੀ ਬੇਟੀ ਨਾਲ ਦੋ ਦਿਨ ਪਹਿਲਾਂ ਆਪਣੇ ਸਹੁਰੇ ਘਰ ਰਹਿਣ ਲਈ ਆਈ ਤਾਂ ਉਸਦੇ ਪਤੀ ਤੇ ਸਹੁਰਾ ਪਰਿਵਾਰ ਨੇ ਉਸਨੂੰ ਘਰ ਅੰਦਰ ਦਾਖ਼ਲ ਨਹੀ ਹੋਣ ਦਿੱਤਾ, ਜਿਸ ਸਬੰਧੀ ਉਸਨੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕੋਟ ਖਾਲਸਾ ਥਾਣਾ 'ਚ ਸ਼ਿਕਾਇਤ ਕੀਤੀ, ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਸਨੇ ਦੱਸਿਆ ਕਿ ਬੀਤੀ ਦੇਰ ਰਾਤ ਜਦ ਉਸਨੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਘਰ ਅੰਦਰ ਦਾਖਿਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਪਤੀ ਨੇ ਆਪਣੇ ਕੁੱਝ ਸਾਥੀਆਂ ਨੂੰ ਬੁਲਾ ਲਿਆ ਤੇ ਉਸ ਦੀ ਕੁੱਟਮਾਰ ਕਰ ਘਰੋਂ ਬਾਹਰ ਕੱਢ ਦਿੱਤਾ, 'ਤੇ ਝਗੜੇ ਵਿਚ ਉਸਦੀ ਬੇਟੀ ਦੇ ਕੱਪੜੇ ਵੀ ਫਾੜ ਦਿੱਤੇ।
ਇਹ ਵੀ ਪੜ੍ਹੋ- 18 ਸਤੰਬਰ ਨੂੰ ਮੋਹਾਲੀ ਵਿਖੇ ਭਿੜਨਗੇ ਭਾਰਤ ਤੇ ਦੱਖਣੀ ਅਫ਼ਰੀਕਾ
ਜਾਂਚ ਅਧਿਕਾਰੀ ਹਰਜੀਤਪਾਲ ਨੇ ਦੱਸਿਆ ਕਿ ਇਹ ਪਰਿਵਾਰ ਦਾ ਘਰੇਲੂ ਮਾਮਲਾ ਹੈ ਅਤੇ ਜਖ਼ਮੀਆਂ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਪੀੜਤਾ ਨੇ ਧਰਨੇ ਦੌਰਾਨ ਇਨਸਾਫ਼ ਦੀ ਮੰਗ ਕਰਦਿਆਂ ਸਹੁਰੇ ਪਰਿਵਾਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਸੋਚਣ ਵਾਲੀ ਗੱਲ ਇਹ ਕਿ ਮਾਰ ਕੁੱਟ ਦੀਆਂ ਖ਼ਬਰਾਂ ਅਕਸਰ ਹੀ ਮੀਡੀਆ ਦਾ ਸ਼ਿੰਗਾਰ ਬਣਦੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੱਡਾ ਸਵਾਲ ਖੜ੍ਹਾ ਕਰਦੀ ਹੈ।