ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਦੇ ਮਾਡਲ ਟਾਊਨ ਦਾ ਹੈ ਜਿਥੋਂ ਦੇ ਇੱਕ ਵਿਆਹੁਤਾ ਜੋੜੇ ਵਲੋਂ ਸੜਕ ‘ਤੇ ਆ ਆਪਣੇ ਹੀ ਘਰਵਾਲਿਆਂ ਦੇ ਖਿਲਾਫ਼ ਧਰਨਾ ਲਗਾਇਆ ਗਿਆ ਹੈ। ਰੋਸ ਪ੍ਰਦਰਸ਼ਨ ਕਰਦਿਆਂ ਵਿਆਹੁਤਾ ਜੋੜੇ ਵੱਲੋਂ ਘਰਵਾਲਿਆਂ ‘ਤੇ ਦਾਜ ਲੈਣ ਨੂੰ ਲੈਕੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਲੜਕਾ ਜੋਬਨਜੀਤ ਸਿੰਘ ਅਤੇ ਲੜਕੀ ਸੰਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਛੇ ਮਹੀਨੇ ਪਹਿਲਾਂ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਹ ਇੱਕ ਦੂਜੇ ਦੇ ਨਾਲ ਪਿਆਰ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਹਨ। ਪੀੜਤ ਲੜਕੀ ਨੇ ਦੱਸਿਆ ਕਿ ਉਸਦੀ ਸੱਸ ਨਰਿੰਦਰ ਕੌਰ ਅਤੇ ਨਨਾਣ ਰਾਜਵਿੰਦਰ ਕੌਰ ਸਵੇਰੇ ਉੱਠਦੇ ਸਾਰ ਤੋਂ ਗਾਲਾਂ ਕੱਢਦੇ ਹਨ ਅਤੇ ਦਾਜ ਦੀ ਮੰਗ ਕਰ ਤਾਹਣੇ ਮੇਹਣੇ ਮਾਰਦੇ ਹਨ।
ਲੜਕੀ ਨੇ ਦੱਸਿਆ ਕਿ ਉਸਦਾ ਪਰਿਵਾਰ ਉਸਨੂੰ ਛੱਡਣ ਦੇ ਲਈ ਉਸਦੇ ਪਤੀ ਨੂੰ ਉਕਸਾਉਂਦੇ ਰਹਿੰਦੇ ਹਨ ਜਿਸਦੇ ਚਲਦੇ ਉਹ ਪਰੇਸ਼ਾਨ ਹੋ ਕੇ ਸੜਕ ‘ਤੇ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਏ ਹਨ। ਮਹਿਲਾ ਦੇ ਪਤੀ ਨੇ ਦੱਸਿਆ ਕਿ ਉਸਦੀ ਪਤਨੀ ਤੇ ਉਸਨੂੰ ਲਗਾਤਾਰ ਉਸਦੀ ਮਾਂ ਤੇ ਭੈਣ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਸਨੂੰ ਆਪਣੀ ਘਰਵਾਲੀ ਛੱਡਣ ਦੇ ਲਈ ਕਿਹਾ ਜਾ ਰਿਹਾ ਹੈ। ਪਰੇਸ਼ਾਨ ਪਤੀ-ਪਤਨੀ ਦੇ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਉਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੰਦੀਪ ਕੌਰ ਵੱਲੋਂ ਸਾਨੂੰ ਸ਼ਿਕਾਇਤ ਆਈ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਦੇ ਵੱਲੋਂ ਰਾਜੀਨਾਮਾ ਕੀਤਾ ਜਾ ਰਿਹਾ ਹੈ ਜੇਕਰ ਉਨ੍ਹਾਂ ਦਾ ਰਾਜੀਨਾਮਾ ਨਹੀਂ ਹੁੰਦਾ ਤਾਂ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ।