ਅੰਮ੍ਰਿਤਸਰ : ਬੀਤੇ ਦਿਨੀਂ ਥਾਣਾ ਖਲਚੀਆਂ ਅਧੀਨ ਪੈਂਦੇ ਪਿੰਡ ਪੱਡੇ ਚ ਹੋਏ ਇੱਕ ਕਤਲ ਮਾਮਲੇ ਵਿੱਚ ਨਾਮਜ਼ਦ ਕੁਝ ਕਥਿਤ ਮੁਲਜਮਾਂ ਨੂੰ ਪੁਲਿਸ ਵਲੋਂ ਹਾਲੇ ਤੱਕ ਗ੍ਰਿਫਤਾਰ ਨਾ ਕੀਤੇ ਜਾਣ ਤੇ ਰੋਸ ਵਜੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਸਥਾਨਕ ਕਸਬੇ ਵਿੱਚ ਮੀਟਿੰਗ ਕਰ ਪੁਲਿਸ ਨੂੰ ਕਥਿਤ ਮੁਲਜਮਾਂ ਨੂੰ ਜਲਦ ਕਾਬੂ ਕਰਨ ਦੀ ਅਪੀਲ ਕੀਤੀ ਗਈ ਹੈ।
ਪੱਤਰਕਾਰਾਂ ਨੂੰ ਹਲਫੀਆ ਬਿਆਨ ਦੀ ਕਾਪੀ ਦਿੰਦਿਆਂ ਭੁਪਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਪੱਡੇ (ਮ੍ਰਿਤਕ ਦਾ ਭਰਾ) ਅਤੇ ਸੰਤੋਖ ਸਿੰਘ ਸੁੱਖ ਸ਼ਿਵ ਸੈਨਾ ਨੇਤਾ ਨੇ ਕਿਹਾ ਕਿ ਬੀਤੀ 24 ਮਈ ਨੂੰ ਗੁਰਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਜੋ ਕਿ ਆਪਣੀ ਮਾਸੀ ਕੋਲ ਪਿੰਡ ਧੂਲਕਾ ਵਿਖੇ ਰਹਿੰਦਾ ਸੀ ਦਾ ਕਤਲ ਹੋ ਗਿਆ ਸੀ। ਜਿਸ ਤੋਂ ਬਾਅਦ ਇਸ ਮਾਮਲੇ ਚ ਕਾਰਵਾਈ ਕਰਦੇ ਹੋਏ ਥਾਣਾ ਖਲਚੀਆਂ ਦੀ ਪੁਲਿਸ ਵਲੋਂ ਮੁਕਦਮਾ ਨੰ 68/2021 ਮਿਤੀ 25 ਮਈ 2021 ਨੂੰ ਦਰਜ ਕਰ ਉਸ ਵਿੱਚ 9 ਕਥਿਤ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਵਿਚੋਂ 5 ਕਥਿਤ ਮੁਲਜ਼ਮਾਂ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਜਦਕਿ 4 ਹੋਰ ਕਥਿਤ ਮੁਲਜ਼ਮਾਂ ਨੂੰ ਪੁਲਿਸ ਫਿਲਹਾਲ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ ਹੈ।ਇਸ ਸਬੰਧੀ ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਸ਼ਿਵ ਸੈਨਾ ਬਾਲਾ ਸਾਬ ਠਾਕਰੇ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਇੰਚਾਰਜ ਸੰਤੋਖ ਸਿੰਘ ਸੁੱਖ ਨੇ ਕਿਹਾ ਕਿ ਜੇਕਰ ਪੁਲਿਸ ਵਲੋਂ ਰਹਿੰਦੇ 4 ਕਥਿਤ ਮੁਲਜ਼ਮਾਂ ਨੂੰ ਵੀਰਵਾਰ ਤੱਕ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਮਜਬੂਰੀ ਵਸ ਸ਼ੁੱਕਰਵਾਰ ਨੂੰ ਉਨ੍ਹਾਂ ਵਲੋਂ ਥਾਣਾ ਖਲਚੀਆਂ ਦਾ ਘਿਰਾਓ ਕੀਤਾ ਜਾਵੇਗਾ।
ਫਿਲਹਾਲ ਇਹ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸ਼ਨ ਕਦੋਂ ਤੱਕ ਇਸ ਮਾਮਲੇ ਚ ਨਾਮਜ਼ਦ ਕਥਿਤ ਮੁਲਜਮਾਂ ਨੂੰ ਕਾਬੂ ਕਰ ਪਾਵੇਗੀ ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਵੀਰਵਾਰ ਤੱਕ ਕਥਿਤ ਮੁਲਜ਼ਮਾਂ ਨੂੰ ਕਾਬੂ ਨਾ ਕਰਨ ਤੇ ਥਾਣੇ ਦ ਘਿਰਾਓ ਕਰਨ ਦੀ ਚੇਤਾਵਨੀ ਦੇ ਦਿੱਤੀ ਗਈ ਹੈ। ਹਾਲਾਂਕਿ ਇਸ ਸਬੰਧੀ ਪਰਿਵਾਰਕ ਮੈਂਬਰਾਂ ਅਨੁਸਾਰ ਥਾਣਾ ਖਲਚੀਆਂ ਮੁਖੀ ਵਲੋਂ ਕਥਿਤ ਮੁਲਜਮਾਂ ਨੂੰ ਜਲਦ ਕਾਬੂ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਾਗਰ ਧਨਖੜ ਕਤਲ ਮਾਮਲੇ 'ਚ ਗਵਾਹਾਂ ਨੂੰ ਮਿਲੀ ਪੁਲਿਸ ਸੁਰੱਖਿਆ