ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਕਈ ਇਮਾਰਤਾਂ ਅਜਿਹੀਆਂ ਹਨ, ਜੋ ਬਹੁਤ ਸਾਲ ਪੁਰਾਣੀਆਂ ਹਨ। ਅੱਜ ਜੋ ਇਮਾਰਤਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਉਹ ਇਲਾਕਾ ਇੰਝ ਲੱਗਦਾ ਜਿਵੇਂ ਸ਼ਹਿਰ ਦੇ ਅੰਦਰ ਆਉਂਦਾ ਹੀ ਨਹੀਂ। ਕਿਉਂਕਿ ਨਾ ਤਾਂ ਇਸ ਇਲਾਕੇ ਵੱਲ ਕਿਸੇ ਸਰਕਾਰੀ ਨੁਮਾਇੰਦੇ ਦਾ ਧਿਆਨ ਹੈ, ਅਤੇ ਨਾ ਸਰਕਾਰ ਜਾਂ ਪ੍ਰਸ਼ਾਸਨ ਦਾ। ਇੱਥੇ ਕਈ ਆਰਥਿਕ ਤੰਗ ਨਾਲ ਜੂਝਦੇ ਲੋਕ ਅਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਕੇ ਸਸਤੇ ਵਿੱਚ ਰਹਿਣ ਲਈ ਮਜ਼ਬੂਰ ਹਨ।
ਕੋਈ ਬੁਨਿਆਦੀ ਸਹੂਲਤ ਨਹੀਂ: ਇਹ ਇਲਾਕਾ ਜ਼ਮੀਨੀ ਪੱਧਰ ਤੋਂ 11 ਫੁੱਟ ਥੱਲੇ ਬਣਿਆ ਹੋਇਆ, ਜੋ ਕਰੀਬ 200 ਸਾਲ ਤੋਂ ਵੀ ਜਿਆਦਾ ਪੁਰਾਣਾ ਹੈ। ਇਲਾਕਾ ਗਲੀ ਲਾਲਾ ਵਾਲ਼ੀ ਵਿੱਚ ਪੈਂਦਾ ਹੈ, ਇਹ ਜਗ੍ਹਾ ਗਲੀ ਲਾਲਾ ਵਾਲੀ ਬਿਲਕੁਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਵਾਜ਼ੇ ਦੇ ਸਾਹਮਣੇ ਹੈ। ਜਿਸ ਦੀ ਅੱਜ ਤੱਕ ਤਰੱਕੀ ਨਹੀਂ ਹੋਈ। ਇੱਥੇ ਹੋਰ ਆਧੁਨਿਕ ਸਹੂਲਤਾਂ ਤਾਂ ਦੂਰ ਦੀ ਗੱਲ, ਬੁਨਿਆਦੀ ਸਹੂਲਤਾਂ ਤੋਂ ਵੀ ਲੋਕ ਵਾਂਝੇ ਹਨ। ਪਰ, ਅੱਜ ਵੀ ਲੋਕ ਇਸ ਜਗ੍ਹਾ ਉੱਤੇ ਵਸਦੇ ਹਨ। ਉਨ੍ਹਾਂ ਕਿਹਾ ਕਿ ਰਬ ਨਾ ਕਰੇ ਜੇਕਰ ਇਸ ਇਲਾਕੇ ਵਿੱਚ ਅੱਗ ਲੱਗਣ ਵਰਗੀ ਕੋਈ ਘਟਨਾ ਵਾਪਰ ਜਾਂਦੀ ਹੈ, ਤਾਂ ਇੱਥੇ ਫਾਇਰ ਬ੍ਰਿਗੇਡ ਦੀ ਸਹੂਲਤ ਬਿਲਕੁਲ ਵੀ ਨਹੀਂ ਪਹੁੰਚ ਪਾਵੇਗੀ। ਇਸ ਤੋਂ ਇਲਾਵਾ ਕਿਸੇ ਮਰੀਜ ਨੂੰ ਐਮਰਜੈਂਸੀ ਪੈਣ ਉੱਤੇ ਐਂਬੂਲੈਂਸ ਦੀ ਪਹੁੰਚ ਹੋ ਪਾਉਣੀ ਵੀ ਬੇਹਦ ਮੁਸ਼ਕਲ ਹੈ।
ਹਾਲਾਤ ਕੀ ਹਨ?: ਸਮਾਜ ਸੇਵੀ ਇੰਜੀਨੀਅਰ ਪਵਨ ਸ਼ਰਮਾ ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦਿਆ ਕਿਹਾ ਕਿ ਇਸ ਥਾਂ ਦੇ ਹਾਲਾਤ ਹੀ ਖੁਦ ਆਪਣੀ ਦਾਸਤਾਨ ਬਿਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਗ੍ਹਾਂ-ਜਗ੍ਹਾਂ 'ਤੇ ਬਿਜਲੀ ਦੇ ਨੰਗੇ ਜੋੜ ਪਏ ਹੋਏ ਹਨ। ਤੁਸੀਂ ਵੇਖ ਸੱਕਦੇ ਹੋ ਕਿ ਬਿਜਲੀ ਦੀਆ ਤਾਰਾਂ ਤੇ ਕੁੰਡੀਆਂ ਪਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਵਿੱਚ ਬਰਸਾਤ ਹੋ ਜਾਂਦੀ ਹੈ, ਤਾਂ ਹੈਰੀਟੇਜ ਸਟ੍ਰੀਟ ਦੇ ਰਸਤੇ ਪਾਣੀ ਨਾਲ ਭਰ ਜਾਂਦੇ ਹਨ, ਤਾਂ ਇਹ ਥਾਂ ਦਾ ਕੀ ਹਾਲ ਹੋਵੇਗਾ, ਜੋ ਸਟਰੀਟ ਤੋਂ 11 ਫੁੱਟ ਹੇਠਾਂ ਹੈ। ਇੱਥੇ ਪਾਣੀ ਦੀ ਵੀ ਕੋਈ ਨਿਕਾਸੀ ਨਹੀਂ ਹੈ। ਇਹ ਸਾਰੀ ਬਿਲਡਿੰਗ ਖ਼ਸਤਾ ਹਾਲਾਤ ਵਿੱਚ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ, ਪ੍ਰਸ਼ਾਸਨ ਤੇ ਸਰਕਾਰ ਨੂੰ ਸਮੇਂ ਰਹਿੰਦੇ ਧਿਆਨ ਦੇਣ ਦੀ ਬਹੁਤ ਲੋੜ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਕਿਰਾਏ ਉੱਤੇ ਰਹਿ ਰਹੇ ਲੋਕ ਮਾਲਿਕ ਬਾਰੇ ਕੁਝ ਵੀ ਦੱਸਣ ਤੋਂ ਅਤੇ ਕੈਮਰੇ ਅੱਗੇ ਬੋਲਣ ਤੋਂ ਵੀ ਇਨਕਾਰ ਕਰਦੇ ਹਨ।
ਇਮਾਰਤਾਂ ਦੇ ਮਾਲਿਕ 'ਤੇ ਕੋਈ ਕਾਰਵਾਈ ਨਹੀਂ !: ਉੱਥੇ ਹੀ, ਸਮਾਜ ਸੇਵੀ ਇੰਜੀਨੀਅਰ ਪਵਨ ਸ਼ਰਮਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੋਈ ਬਿਲਡਿੰਗ ਜੇਕਰ ਪੁਰਾਣੀ ਹੋ ਜਾਂਦੀ ਹੈ, ਤਾਂ ਨਗਰ ਨਿਗਮ ਜਾਂ ਟਰੱਸਟ ਵੱਲੋਂ ਉਸ ਨੂੰ ਅਨਫਿਟ ਐਲਾਨਿਆ ਜਾਂਦਾ ਹੈ। ਨਗਰ ਨਿਗਮ ਪ੍ਰਸ਼ਾਸਨ ਵੱਲੋਂ ਉਸ ਬਿਲਡਿੰਗ ਨੂੰ ਖਾਲੀ ਕਰਵਾ ਲਿਆ ਜਾਂਦਾ ਹੈ ਕਿ ਇਹ ਬਿਲਡਿੰਗ ਲੋਕਾਂ ਦੇ ਰਹਿਣ ਦੇ ਲਾਇਕ ਨਹੀਂ ਹੈ। ਪਰ, ਇਸ ਥਾਂ ਵੱਲ ਨਗਰ ਨਿਗਮ ਪ੍ਰਸ਼ਾਸਨ ਜਾ ਟਰੱਸਟ ਦਾ ਧਿਆਨ ਹੀ ਨਹੀਂ ਹੈ, ਜੋ ਕਿ ਕਈ ਸਵਾਲ ਵੀ ਖੜੇ ਕਰਦਾ ਹੈ। ਪਵਨ ਸ਼ਰਮਾ ਨੇ ਕਿਹਾ ਕਿ ਇਹ ਨਗਰ ਨਿਗਮ ਪ੍ਰਸ਼ਾਸਨ ਅਤੇ ਇਸ ਥਾਂ ਦੇ ਮਾਲਿਕ ਦੀ ਮਿਲੀਭੁਗਤ ਦਾ ਹੀ ਨਤੀਜਾ ਹੈ। ਨਗਰ ਨਿਗਮ ਪ੍ਰਸ਼ਾਸਨ ਵੱਲੋਂ ਕਿਸੇ ਵੱਡੀ ਘਟਨਾ ਦਾ ਇੰਤਜਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਤੇ ਸਰਕਾਰ ਉਦੋਂ ਹੀ ਜਾਗਦੇ ਹਨ ਜਦੋਂ ਕੋਈ ਵੱਡੀ ਅਣਸੁਖਾਵੀਂ ਘਟਨਾ ਵਾਪਰ ਜਾਵੇ।