ਅੰਮ੍ਰਿਤਸਰ: ਬਿਆਸ ਦੇ ਪਿੰਡ ਵਜੀਰ ਭੁੱਲਰ ਵਿੱਚ ਅਣਪਛਾਤੇ ਚੋਰਾਂ ਵਲੋਂ ਗਹਿਣੇ ਅਤੇ ਨਕਦੀ ਤੇ ਹੱਥ ਸਾਫ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੇ ਕਰਦਿਆਂ ਥਾਣਾ ਬਿਆਸ ਦੇ ਸਬ ਇੰਸਪੈਕਟਰ ਸਰਦੂਲ ਸਿੰਘ ਨੇ ਦੱਸਿਆ ਕਿ ਮੁਦਈ ਮਹਿੰਦਰ ਸਿੰਘ (70) ਪੁੱਤਰ ਗੁਲਜਾਰ ਸਿੰਘ ਵਾਸੀ ਵਜੀਰ ਭੁੱਲਰ ਨੇ ਪੁਲਿਸ ਨੂੰ ਦਿੱਤੇ ਬਿਆਨ ਚ ਦੱਸਿਆ ਹੈ ਕਿ ਉਹ ਬੀਤੀ 22 ਅਪ੍ਰੈਲ ਨੂੰ ਆਪਣੇ ਪਰਿਵਾਰ ਸਮੇਤ ਆਪਣੀ ਲੜਕੀ ਕੋਲ ਚੰਡੀਗੜ ਗਏ ਸਨ ਕਿ ਇਸ ਦੌਰਾਨ ਅਣਪਛਾਤੇ ਚੋਰਾਂ ਵਲੋਂ ਉਨ੍ਹਾਂ ਦੇ ਘਰ ਪਏ ਗਹਿਣੇ ਅਤੇ ਨਕਦੀ ਚੋਰੀ ਕਰ ਲਈ ਗਈ।
ਉਨ੍ਹਾਂ ਦੱਸਿਆ ਕਿ 23 ਅਪ੍ਰੈਲ ਨੂੰ ਸਵੇਰੇ ਕਰੀਬ 11 ਵਜੇ ਚਾਚੇ ਦੇ ਲੜਕੇ ਦਾ ਫੋਨ ਆਇਆ ਕਿ ਤੁਹਾਡੇ ਘਰ ਦਾ ਜਿੰਦਰਾ ਟੁੱਟਾ ਹੋਇਆ ਹੈ ਅਤੇ ਜਦ ਉਨ੍ਹਾਂ ਘਰ ਆ ਕੇ ਦੇਖਿਆ ਤਾਂ ਪਤਾ ਚੱਲਿਆ ਕਿ ਉਨ੍ਹਾਂ ਦੇ ਘਰ ਵਿੱਚੋਂ ਦੋ ਹਾਰ ਅੱਠ ਤੋਲੇ, ਇੱਕ ਟਿੱਕਾ ਡੇਢ ਤੋਲਾ, ਇੱਕ ਕੜਾ ਸਾਢੇ 3 ਤੋਲੇ, 10 ਛਾਪਾਂ, ਤਿੰਨ ਜੋੜੇ ਵਾਲੀਆਂ ਅਤੇ ਕਰੀਬ 80,000 ਰੁਪਏ ਚੋਰੀ ਹੋ ਗਏ ਹਨ।
ਪੁਲਿਸ ਅਧਿਕਾਰੀ ਸਰਦੂਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਸੀਸੀਟੀਵੀ ਕਬਜ਼ੇ ਵਿੱਚ ਲੈ ਸਾਰੀ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਅਣਪਛਾਤੇ ਚੋਰਾਂ ਨੂੰ ਕਾਬੂ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਮੁਦਈ ਦੇ ਬਿਆਨਾਂ ਦੇ ਅਧਾਰ ’ਤੇ ਪੁਲਿਸ ਵੱਲੋਂ ਮੁਕੱਦਮਾ ਨੰ 101 ਜੁਰਮ 380, 457 ਭਾਰਤੀ ਦੰਡਾਵਲੀ ਦੇ ਤਹਿਤ ਦਰਜ ਰਜਿਸਟਰ ਕਰ ਲਿਆ ਗਿਆ ਹੈ।