ਅੰਮ੍ਰਿਤਸਰ: ਠੰਡ ਦੇ ਦਿਨਾਂ ਵਿੱਚ ਕੋਲੇ ਦੀ ਅੰਗੀਠੀ ਕਾਰਨ ਲੋਕਾਂ ਦੀ ਮੌਤ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤਾਜ਼ੀ ਘਟਨਾ ਅੰਮ੍ਰਿਤਸਰ ਦੇ ਬਟਾਲਾ ਰੋਡ ਉੱਤੇ ਰਹਿੰਦੇ ਦੋ ਲੋਕਾਂ ਨਾਲ ਵਾਪਰੀ ਹੈ। ਇਨ੍ਹਾਂ ਵਲੋਂ ਰਾਤ ਵੇਲੇ ਠੰਡ ਤੋਂ ਬਚਣ ਲਈ ਕੋਲੇ ਦੀ ਅੰਗੀਠੀ ਬਾਲੀ ਗਈ ਸੀ। ਪਰ ਸਵੇਰੇ ਇਨ੍ਹਾਂ ਦੋਵਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਿਜ਼ੋਰਟ ਵਿੱਚ ਸਨ ਦੋਵੇਂ ਸੁਰੱਖਿਆਕਰਮੀ: ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਦੋਵੇਂ ਨੌਜਵਾਨ ਬਟਾਲਾ ਰੋਡ ਉੱਤੇ ਇੱਕ ਰਿਜ਼ੋਰਟ ਵਿੱਚ ਬਤੌਰ ਸੁਰੱਖਿਆਕਰਮੀ ਡਿਊਟੀ ਨਿਭਾ ਰਹੇ ਸਨ। ਦੱਸਿਆ ਗਿਆ ਹੈ ਕਿ ਰਾਤ ਨੂੰ ਠੰਡ ਜ਼ਿਆਦਾ ਹੋਣ ਕਾਰਨ ਇਨ੍ਹਾਂ ਵਲੋਂ ਆਪਣੇ ਕਮਰੇ ਵਿੱਚ ਕੋਲੇ ਵਾਲੀ ਅੰਗੀਠੀ ਬਾਲੀ ਗਈ ਸੀ। ਹਾਲਾਂਕਿ ਪਰਿਵਾਰ ਨੇ ਖਦਸ਼ਾ ਜਾਹਿਰ ਕੀਤਾ ਹੈ ਕਿ ਕਮਰੇ 'ਚ ਧੂਆਂ ਜ਼ਿਆਦਾ ਹੋਣ ਕਰਕੇ ਦੋਵਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋਈ ਹੋਵੇਗੀ ਤੇ ਦੋਵਾਂ ਦੀ ਜਾਨ ਚਲੀ ਗਈ। ਉੱਧਰ, ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਰਿਵਾਰ ਵਿੱਚ ਇਹੋ ਦੋਵੇਂ ਕਮਾਊ ਸਨ।
ਇਹ ਵੀ ਪੜ੍ਹੋ: ਸ਼ੱਕ ਨੇ ਉਜਾੜਿਆ ਘਰ, ਪਤਨੀ ਦੇ ਬਾਹਰ ਜਾਣ ਤੋਂ ਪਹਿਲਾਂ ਹੀ ਪਤੀ ਵੱਲੋਂ ਕਤਲ !
ਦੂਜੇ ਪਾਸੇ ਪੁਲਿਸ ਵੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਿਕ ਦੋਵਾਂ ਵਿਅਕਤੀਆਂ ਵਿੱਚੋਂ ਇੱਕ ਰਿਟਾਇਰਡ ਫੌਜੀ ਸੀ ਅਤੇ ਇੱਕ ਨੌਜਵਾਨ ਅੰਮ੍ਰਿਤਸਰ ਦੇ ਛੇਹਰਟਾ ਦਾ ਰਹਿਣ ਵਾਲਾ ਸੀ। ਇਸ ਘਟਨਾ ਦੀ ਸੂਚਨਾ ਤੋਂ ਬਾਅਦ ਪਹੁੰਚੀ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਗੱਲ ਦਾ ਰੱਖੋ ਧਿਆਨ: ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਡਾਕਟਰਾਂ ਦਾ ਕਹਿਣਾ ਹੈ ਕਿ ਸਭ ਤੋਂ ਜਰੂਰੀ ਹੈ ਕਿ ਜਿੱਥੇ ਵੇਂਟਿਲੇਸ਼ਨ ਹੋਵੇ, ਉਥੇ ਇਸ ਤਰ੍ਹਾਂ ਦਾ ਖ਼ਤਰਾ ਨਹੀਂ ਹੈ। ਜੇਕਰ ਤੁਸੀਂ ਕੋਲਾ ਜਾਂ ਲੱਕੜ ਬਾਲਦੇ ਹੋ, ਤਾਂ ਇਸ ਤੋਂ ਨਿਕਲਣ ਵਾਲੀ ਕਾਰਬਨ ਮੋਨੋਡਾਇਆਕਸਾਇਡ ਗੈਸ ਨਾਲ ਦਮ ਘੁੱਟ ਸਕਦਾ ਹੈ। ਖ਼ਾਸਤੌਰ 'ਤੇ ਜਦੋਂ ਵੇਂਟਿਲੇਸ਼ਨ ਦਾ ਕੋਈ ਪ੍ਰਬੰਧ ਨਾ ਹੋਵੇ ਤਾਂ ਇਸ ਤੋਂ ਬਚਣਾ ਚਾਹੀਦਾ ਹੈ। ਇਥੋਂ ਤੱਕ ਕਿ ਜੇਕਰ ਤੁਸੀਂ ਕਿਸੇ ਕਾਰ ਵਿੱਚ ਵੀ ਸਿਰਫ਼ ਇੰਜਨ ਚਲਾ ਕੇ ਬੈਠ ਜਾਓ ਤਾਂ ਉਸ ਨਾਲ ਵੀ ਦਮ ਘੁੱਟ ਸਕਦਾ ਹੈ। ਗੱਲ ਸਿਰਫ਼ ਇੰਨੀ ਹੈ ਕਿ ਕੋਲੇ ਦੀ ਅੰਗੀਠੀ ਆਦਿ ਦੀ ਉਦੋਂ ਹੀ ਵਰਤੋਂ ਕਰੋ, ਜਦੋਂ ਕਮਰੇ ਵਿਚ ਹਵਾ ਆਰ ਪਾਰ ਜਾ ਰਹੀ ਹੋਵੇ।