ਅੰਮ੍ਰਿਤਸਰ: ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਜਿੱਥੇ ਦੇਸ਼ ਦੁਨੀਆਂ ਤੋਂ ਲੋਕ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦਿਆਂ ਦਿੱਲੀ ਪੁੱਜ ਰਹੇ ਹਨ, ਉੱਥੇ ਹੀ ਵੱਖ-ਵੱਖ ਜ਼ਿਲ੍ਹਿਆਂ ਦੀ ਤਰਤੀਬਵਾਰ ਡਿਊਟੀ ਤਹਿਤ ਪੰਜਾਬ ਭਰ ਤੋਂ ਕਿਸਾਨਾਂ ਦੇ ਕਾਫ਼ਿਲੇ ਦਿੱਲੀ ਲਈ ਰਵਾਨਾ ਹੋ ਰਹੇ ਹਨ। ਇਸੇ ਲੜੀ ਤਹਿਤ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸ਼ੁੱਕਰਵਾਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਤੋਂ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਮਜਦੂਰ ਟਰੈਕਟਰ ਟਰਾਲੀਆਂ ’ਤੇ ਦਿੱਲੀ ਕੁੰਡਲੀ ਬਾਰਡਰ ਤੇ ਚੱਲ ਰਹੇ ਧਰਨੇ ਦੌਰਾਨ ‘ਚ ਸ਼ਾਮਿਲ ਹੋਣ ਲਈ ਰਵਾਨਾ ਹੋਣ ਜਾ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਮਾਰਚ ਨੂੰ ਅੰਮ੍ਰਿਤਸਰ ਜਿਲ੍ਹੇ ਵਲੋਂ ਦਿੱਲੀ ਦੇ ਕੁੰਡਲੀ ਬਾਰਡਰ ਵਿਖੇ ਲੱਗੇ ਮੋਰਚੇ ਲਈ ਕੂਚ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਲਈ ਸ਼ੁੱਕਰਵਾਰ ਨੂੰ ਬਾਰਡਰ ਦੇ ਪਿੰਡਾਂ ਨਾਲ ਸਬੰਧਿਤ ਕਿਸਾਨ ਅੰਮ੍ਰਿਤਸਰ ਬਾਈਪਸ ’ਤੇ ਇਕੱਠੇ ਹੋ ਕੇ ਤੁਰਨਗੇ ਅਤੇ ਹਲਕਾ ਜੰਡਿਆਲਾ ਗੁਰੂ, ਹਲਕਾ ਬਾਬਾ ਬਕਾਲਾ ਸਾਹਿਬ ਆਦਿ ਨਾਲ ਜੁੜੇ ਬਾਕੀ ਪਿੰਡਾਂ ਦੇ ਕਿਸਾਨ ਦਰਿਆ ਬਿਆਸ ਨੇੜੇ ਇਕੱਠੇ ਹੋ ਕੇ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ, ਰਣਜੀਤ ਸਿੰਘ ਕਲੇਰਬਾਲਾ, ਜਰਮਨਜੀਤ ਸਿੰਘ ਬੰਡਾਲਾ, ਸਕੱਤਰ ਸਿੰਘ ਕੋਟਲਾ ਦੀ ਅਗਵਾਈ ਹੇਠ ਕਾਫ਼ਿਲੇ ਦੇ ਰੂਪ ‘ਚ ਰਵਾਨਾ ਹੋਣਗੇ।
ਉਨ੍ਹਾਂ ਕਿਹਾ ਕਿ ਗਰਮੀਆਂ ਦੇ ਮੌਸਮ ਨੂੰ ਧਿਆਨ ‘ਚ ਰੱਖਦੇ ਹੋਏ ਕਿਸਾਨਾਂ ਵਲੋਂ ਤਿਆਰ ਕੀਤੀਆਂ ਟਰਾਲੀਆਂ ‘ਚ ਮੱਛਰਦਾਨੀਆਂ, ਪੱਖੇ, ਕੂਲਰ ਆਦਿ ਤੋਂ ਇਲਾਵਾ ਲਾਈਟ ਆਦਿ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ ਤਾਂ ਜੋ ਉੱਥੇ ਰਹਿੰਦਿਆਂ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਿਸ ਨਹੀਂ ਲੈਂਦੀ ਉਦੋਂ ਤੱਕ ਕਿਸਾਨਾਂ ਮਜਦੂਰਾਂ ਵਲੋਂ ਇਵੇਂ ਹੀ ਦਿੱਲੀ ‘ਚ ਚੱਲ ਰਹੇ ਧਰਨਿਆਂ ‘ਚ ਸ਼ਮੂਲੀਅਤ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਦਿੱਲੀ ‘ਚ ਚੱਲ ਰਹੇ ਕਿਸਾਨ ਅੰਦੋਲਨ ‘ਚ ਸ਼ਾਮਿਲ ਹੋਣ ਲਈ ਪਹਿਲਾਂ ਵੀ ਨੌਜਵਾਨ, ਬੀਬੀਆਂ, ਬਜੁਰਗ ਬੜੇ ਜੋਸ਼ ਖਰੋਸ਼ ਨਾਲ ਮਾਝੇ ਅਧੀਨ ਪੈਂਦੇ ਜਿਲ੍ਹਾ ਤਰਨ ਤਾਰਨ, ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ ਆਦਿ ਤੋਂ ਹਜਾਰਾਂ ਦੀ ਗਿਣਤੀ ‘ਚ ਟਰੈਕਟਰ ਟਰਾਲੀਆਂ ਸਮੇਤ ਵੱਖ-ਵੱਖ ਵਾਹਨਾਂ ਤੇ ਖਾਣ ਪੀਣ ਅਤੇ ਰਹਿਣਯੋਗ ਸਮੱਗਰੀ ਲੈ ਰਵਾਨਾ ਹੁੰਦੇ ਰਹੇ ਹਨ।
ਇਹ ਵੀ ਪੜ੍ਹੋ:ਖੇਤੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਿਆਂ ਦਾ ਨਾ ਕਿ ਕੇਂਦਰ ਦਾ: ਸਿੱਧੂ