ਅੰਮ੍ਰਿਤਸਰ: ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਹੜ੍ਹ ਵਰਗੇ ਮਾਹੌਲ ਬਣੇ ਹੋਏ ਹਨ ਅਤੇ ਹੜ੍ਹ ਦੇ ਹਾਲਾਤ ਜ਼ਿਆਦਾਤਰ ਮਾਲਵਾ ਖੇਤਰ ਵਿੱਚ ਦੇਖਣ ਨੂੰ ਮਿਲ ਰਹੇ ਸਨ। ਹੁਣ ਹੜ੍ਹ ਦਾ ਖਤਰਾ ਮਾਝੇ ਵਿੱਚ ਵੀ ਮੰਡਰਾਉਂਦਾ ਨਜ਼ਰ ਆ ਰਿਹਾ ਹੈ। ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਨਜ਼ਦੀਕ ਰਾਵੀ ਦਰਿਆ ਵਿੱਚ ਉਸ ਸਮੇਂ ਇਕਦਮ ਪਾਣੀ ਦਾ ਪੱਧਰ ਵੱਧ ਗਿਆ ਜਦੋਂ ਰਾਵੀ ਦਰਿਆ ਵਿੱਚ ਲਗਭਗ ਢਾਈ ਲੱਖ ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਰਾਵੀ ਦਰਿਆ ਦੇ ਪੁਲ ਉੱਤੇ ਨਜ਼ਦੀਕ ਕਿਸੇ ਵੀ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਰਾਵੀ ਦਰਿਆ ਦੇ ਨਜ਼ਦੀਕ ਨਾ ਜਾਣ ਦੀ ਅਪੀਲ: ਇਸ ਤੋਂ ਇਲਾਵਾ ਰਾਵੀ ਦਰਿਆ ਦੇ ਨਜ਼ਦੀਕ ਲੱਗਦੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਵੀ ਰਾਵੀ ਦਰਿਆ ਦੇ ਕੋਲ ਨਾ ਜਾਣ ਦੀ ਅਨਾਉਸਮੈਂਟਾਂ ਕੀਤੀਆਂ ਜਾ ਰਹੀਆਂ ਹਨ। ਪਿੰਡਾਂ ਦੇ ਮੋਹਤਬਰਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕੋਈ ਵੀ ਵਿਅਕਤੀ ਰਾਵੀ ਦੇ ਨਜ਼ਦੀਕ ਨਾ ਜਾਵੇ ਕਿਉਂਕਿ ਪਾਣੀ ਦਾ ਵਹਾਵ ਤੇਜ਼ ਹੋਣ ਨਾਲ ਖਤਰਾ ਵਧਿਆ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੋ ਲੋਕ ਕੰਮਕਾਰ ਦੇ ਲਈ ਸਵੇਰੇ ਰਾਵੀ ਦਰਿਆ ਤੋਂ ਹੁੰਦੇ ਅੱਜੇ ਜਾਣਗੇ ਉਨ੍ਹਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਕਿ ਜਲਦ ਤੋਂ ਜਲਦ ਉਹ ਰਾਵੀ ਦਰਿਆ ਦੇ ਦੂਸਰੇ ਪਾਸੇ ਆ ਜਾਣ ਤਾਂ ਜੋ ਕਿ ਉਹਨਾਂ ਦੀ ਜਾਨ ਨੂੰ ਕਿਸੇ ਵੀ ਤਰੀਕੇ ਦਾ ਕੋਈ ਵੀ ਖਤਰਾ ਨਾ ਹੋਵੇ।
- Punjab Weather: ਪੰਜਾਬ ਵਿੱਚ 21 ਜੁਲਾਈ ਤੱਕ ਯੈਲੋ ਅਲਰਟ, 3 ਦਿਨ ਸੂਬੇ 'ਚ ਬਾਰਿਸ਼ ਦੀ ਸੰਭਾਵਨਾ
- ਲੁਧਿਆਣਾ ਦੇ ਬੁੱਢੇ ਨਾਲੇ ਵਿੱਚ ਡੁੱਬਣ ਕਾਰਨ ਦੋ ਨੌਜਵਾਨਾਂ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
- ਵਿਧਾਇਕ ਰਾਣਾ ਇੰਦਰਪ੍ਰਤਾਪ ਨੇ ਖੁਦ ਵੱਲੋਂ ਤੋੜੇ ਬੰਨ੍ਹ ਨੂੰ ਮੁੜ ਜੋੜਨਾ ਕੀਤਾ ਸ਼ੁਰੂ
ਅਫਵਾਹਾਂ ਤੋਂ ਬਚਣ ਦੀ ਅਪੀਲ: ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਹੜ੍ਹ ਨਾਲ ਨਜਿੱਠਣ ਲਈ ਹਰ ਤਰੀਕੇ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਦਰਿਆ ਦੇ ਨਜ਼ਦੀਕ ਲੱਗਦੇ ਪਿੰਡਾਂ ਨੂੰ ਵੀ ਖਾਲੀ ਕਰਨ ਲਈ ਗੁਰਦੁਆਰਾ ਸਾਹਿਬਾਨਾਂ ਵਿਚ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਅਫਵਾਹਾਂ ਤੋਂ ਬਚਣ ਜੇਕਾਰ ਹਾਲਾਤ ਬੇਕਾਬੂ ਹੋਏ ਤਾਂ ਪ੍ਰਸ਼ਾਸਨ ਖੁਦ ਇਸ ਦੀ ਇਤਲਾਹ ਦਵੇਗਾ। ਫਿਲਹਾਲ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਦੱਸ ਦਈਏ ਪਿਛਲੇ ਕੁੱਝ ਦਿਨਾਂ ਤੋਂ ਮਾਲਵਾ ਬੈਲਟ ਵਿੱਚ ਹੜ੍ਹ ਦੇ ਹਲਾਤ ਬਣੇ ਹੋਏ ਸਨ ਅਤੇ ਹੁਣ ਹੜ੍ਹ ਦਾ ਖਤਰਾ ਮਾਝਾ ਵਿੱਚ ਵੀ ਦਿਖ ਰਿਹਾ ਹੈ ।