ਅੰਮ੍ਰਿਤਸਰ : ਜ਼ਿਲ੍ਹੇ ਦੇ ਥਾਣਾ ਰਾਜਾਸਾਂਸੀ ਦੇ ਅਧੀਨ ਆਉਂਦੇ ਪਿੰਡ ਮੁਗਲਾਣੀ ਕੋਟ ਦੇ ਗੁਰਦੁਆਰਾ ਸਾਹਿਬ ਵਿਖੇ ਦਿਨ ਦਿਹਾੜੇ ਸ਼ਰੇਆਮ ਦੋ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਚੋਰ ਇੱਕ ਕਾਰ ਵਿੱਚ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਵਿਚੋਂ ਇੱਕ ਵਿਅਕਤੀ ਨੇ ਨਿਹੰਗ ਸਿੰਘ ਦਾ ਬਾਣਾ ਪਾਇਆ ਹੋਈਆ ਸੀ।
ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਮਿਤੀ 14/7/23 ਨੂੰ ਆਪਣੇ ਘਰ ਵਿਚ ਸੀ ਤਾਂ ਉਸ ਕੋਲ ਪਿੰਡ ਦਾ ਗ੍ਰੰਥੀ ਸਿੰਘ ਧੀਰ ਸਿੰਘ ਆਇਆ, ਜਿਸ ਨੇ ਦੱਸਿਆ ਕਿ ਜਦੋਂ ਉਹ ਸਵੇਰ ਦਾ ਪਾਠ ਕਰ ਕੇ ਕਰੀਬ 7 ਵਜੇ ਲੋਕਾਂ ਦੇ ਘਰਾਂ ਵਿਚੋਂ ਦੁੱਧ ਇਕੱਠਾ ਕਰਨ ਗਿਆ ਸੀ, ਤਾਂ ਵਾਪਿਸ ਗੁਰਦੁਆਰਾ ਸਾਹਿਬ ਵਿਚ ਆਇਆ ਤਾਂ ਵੇਖਿਆ ਕਿ ਗੁਰਦੁਆਰਾ ਸਾਹਿਬ ਵਿਚ ਪਈ ਲੱਕੜ ਦੀ ਅਲਮਾਰੀ ਦਾ ਦਰਵਾਜਾ ਖੁੱਲ੍ਹਾ ਸੀ। ਅਲਮਾਰੀ ਨੂੰ ਖੋਲ੍ਹ ਕੇ ਦੇਖਿਆ ਤਾਂ ਅਲਮਾਰੀ ਵਿੱਚੋਂ ਰੁਮਾਲਾ ਸਾਹਿਬ ਗਾਇਬ ਸਨ।
ਅਲਮਾਰੀ ਵਿਚੋਂ 50 ਤੋਂ 55 ਰੁਮਾਲਾ ਸਾਹਿਬ ਲੈ ਗਏ ਚੋਰ : ਅਮਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਅਸੀ ਗ੍ਰੰਥੀ ਸਿੰਘ ਨਾਲ ਗੁਰਦੁਆਰਾ ਸਾਹਿਬ ਗਏ ਤਾਂ ਗੁਰਦੁਆਰਾ ਸਾਹਿਬ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਕੈਮਰੇ ਵਿੱਚ ਸਾਹਮਣੇ ਆਇਆ ਕੀ ਦੋ ਵਿਅਕਤੀ ਇਕ ਚਿੱਟੇ ਰੰਗ ਦੀ ਆਲਟੋ ਕਾਰ ਵਿਚ ਆਏ, ਜਿਨ੍ਹਾਂ ਵਿਚੋਂ ਇਕ ਵਿਅਕਤੀ ਨੇ ਨੀਲੇ ਰੰਗ ਦਾ ਨਿਹੰਗ ਸਿੰਘਾ ਦਾ ਬਾਣਾ ਪਾਇਆ ਸੀ ਅਤੇ ਦੂਸਰੇ ਵਿਅਕਤੀ ਨੇ ਸਧਾਰਨ ਕੁੜਤਾ ਪਜਾਮਾ ਚਿੱਟੇ ਰੰਗ ਦਾ ਪਾਇਆ ਹੋਇਆ ਸੀ। ਇਹ ਦੋਵੇਂ ਗੁਰਦੁਆਰਾ ਸਾਹਿਬ ਵਿਚ ਆਏ ਤੇ ਗੁਰਦੁਆਰਾ ਸਾਹਿਬ ਦੀ ਅਲਮਾਰੀ ਵਿਚ ਪਏ ਕਰੀਬ 50/55 ਰੁਮਾਲਾ ਸਾਹਿਬ ਚੋਰੀ ਕਰ ਕੇ ਚਾਰ ਗੰਢਾ ਵਿਚ ਬੰਨ ਕੇ ਲੈ ਗਏ।
ਪੁਲਿਸ ਨੇ ਮਾਮਲਾ ਕੀਤਾ ਦਰਜ : ਪਿੰਡ ਦੇ ਲੋਕਾਂ ਦਾ ਕਹਿਣਾ ਹੈ, ਜਿਸ ਤਰ੍ਹਾਂ ਦਾ ਇਨ੍ਹਾਂ ਬਾਨਾ ਪਾਇਆ ਹੈ ਅਜਿਹੇ ਲੋਕ ਅੰਮ੍ਰਿਤਧਾਰੀ ਸਿੰਘ ਨਹੀਂ ਹੋ ਸਕਦੇ। ਅਜਿਹੇ ਲੋਕ ਨਿਹੰਗ ਸਿੰਘ ਦੇ ਬਾਣੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਅਜਿਹੇ ਲੋਕਾਂ ਦੇ ਖਿਲਾਫ਼ ਪੁਲਿਸ ਪ੍ਰਸ਼ਾਸਨ ਕੋਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਪਿੰਡ ਵਿੱਚ ਕਿਸੇ ਵੀ ਘਰ ਵਿੱਚ ਵੜ ਕੇ ਕੋਈ ਵੀ ਘਟਨਾ ਨੂੰ ਅੰਜਾਮ ਦੇ ਸੱਕਦੇ ਹਨ। ਇਸ ਮੌਕੇ ਸ਼ਿਕਾਇਤ ਉਥੇ ਪੁਲਿਸ ਅਧਿਕਾਰੀ ਵੀ ਮੌਕੇ ਉਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਅਧਿਕਾਰੀਆਂ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਲੈ ਲਈ ਹੈ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।