ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਵਲੋਂ ਕਾਂਗਰਸ ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਵਾਅਦਾ ਖਿਲਾਫ਼ੀ ਨੂੰ ਲੈਕੇ ਪੰਜਾਬ ਭਰ 'ਚ ਹਲਕਾ ਪੱਧਰ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਚੱਲਦਿਆਂ ਹਲਕਾ ਮਜੀਠਾ ਅਧੀਨ ਪੈਂਦੇ ਚਵਿੰਡਾ ਦੇਵੀ ਵਿਖੇ ਵੀ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਰੋਧ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੁਤਲੇ ਸਾੜੇ ਗਏ।
ਇਸ ਮੌਕੇ ਅਕਾਲੀ ਆਗੂ ਮੇਜਰ ਸ਼ਿਵਚਰਨ ਸਿੰਘ ਦਾ ਕਹਿਣਾ ਕਿ ਕੈਪਟਨ ਸਰਕਾਰ ਵਲੋਂ ਸੱਤਾ ਹਾਸਲ ਕਰਨ ਲਈ ਝੂਠੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਕਾਂਗਰਸ ਸਰਕਾਰ ਵਲੋਂ ਆਪਣੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ 'ਚ ਲੋਕ ਕਾਂਗਰਸ ਦੀ ਸਰਕਾਰ ਤੋਂ ਜਵਾਬ ਜ਼ਰੂਰ ਮੰਗਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੀ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਸਾਹਿਬ ਝੂਠੀਆਂ ਸਹੁੰ ਖਾਂਦੇ ਸੀ ਅਤੇ ਹੁਣ ਕੇਜਰੀਵਾਲ ਵੀ ਉਸ ਰਸਤੇ 'ਤੇ ਹੀ ਚੱਲ ਰਿਹਾ ਹੈ।
ਇਸ ਸਬੰਧੀ ਅਕਾਲੀ ਵਰਕਰ ਦਾ ਕਹਿਣਾ ਕਿ ਕਾਂਗਰਸ ਸਰਕਾਰ ਵਲੋਂ ਕੋਈ ਵੀ ਸਹੂਲਤ ਲੋਕਾਂ ਨੂੰ ਨਹੀਂ ਦਿੱਤੀ ਗਈ, ਅਤੇ ਨਾ ਹੀ ਜੋ ਵਾਅਦੇ ਕੀਤੇ ਉਨ੍ਹਾਂ ਨੂੰ ਪੂਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਪ੍ਰਕਾਸ਼ ਸਿੰਘ ਬਾਦਲ ਵਲੋਂ ਜੋ ਵੀ ਵਾਅਦੇ ਕੀਤੇ ਗਏ ਸੀ, ਉਨ੍ਹਾਂ ਨੂੰ ਪੂਰਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ:RBI ਵਲੋਂ ਹਾੜ੍ਹੀ ਮੰਡੀਕਰਨ ਸੀਜ਼ਨ ਲਈ 21658.73 ਕਰੋੜ ਰੁਪਏ CCL ਨੂੰ ਹਰੀ ਝੰਡੀ