ਅੰਮ੍ਰਿਤਸਰ: ਗੁਰਦੁਆਰਾ ਰਾਮਸਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਸਰੂਪਾਂ ਦੇ ਮਾਮਲੇ ਵਿੱਚ ਇਨਸਾਫ਼ ਲੈਣ ਲਈ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਸਿੱਖ ਜਥੇਬੰਦੀਆਂ ਵੱਲੋਂ 14 ਸਤੰਬਰ ਤੋਂ ਲਗਾਤਾਰ ਮੋਰਚਾ ਲਾਇਆ ਹੋਇਆ ਹੈ। ਦਿਨ ਸੋਮਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਸੀ, ਜਿਸ ਵਿੱਚ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਪਹੁੰਚੇ। ਇਜਲਾਸ ਮੌਕੇ ਕਾਫ਼ੀ ਮੈਬਰਾਂ ਨੇ 328 ਸਰੂਪਾਂ ਦੇ ਮਾਮਲੇ ਵਿੱਚ ਕਮੇਟੀ ਤੋਂ ਸਪੱਸ਼ਟੀਕਰਨ ਮੰਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮਨਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਰਕੇ ਬਜਟ ਸਮੇਂ ਸਿਰ ਪੇਸ਼ ਨਹੀਂ ਹੋ ਸਕਿਆ ਕਿਉਂਕਿ ਸੰਸਾਰ 'ਤੇ ਕੋਰੋਨਾ ਰੂਪੀ ਸੰਕਟ ਆਇਆ ਹੋਇਆ ਹੈ। 2 ਵਾਰ ਅੰਤ੍ਰਿਗ ਕਮੇਟੀ ਨੇ ਮੀਟਿੰਗ ਕਰਨ ਮਗਰੋਂ ਅੱਜ ਜਨਰਲ ਇਜਲਾਸ ਸੱਦ ਕੇ 900 ਕਰੋੜ ਰੁਪਏ ਦਾ ਸਾਲ 2020-21 ਦਾ ਬਜਟ ਪੇਸ਼ ਕੀਤਾ ਗਿਆ ਹੈ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੱਲ ਰਹੀਆਂ ਸੇਵਾਵਾਂ ਸਹੀ ਤਰੀਕੇ ਨਾਲ ਚਲਾਇਆ ਜਾ ਸਕੇ।
328 ਸਰੂਪਾਂ ਦੇ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਸਰੂਪਾਂ ਦਾ ਦੁੱਖ ਜਿਨ੍ਹਾਂ ਮੋਰਚਾ ਲਾਉਣ ਵਾਲਿਆਂ ਨੂੰ ਹੈ, ਉਨ੍ਹਾਂ ਹੀ ਸਾਨੂੰ ਵੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾ ਤਾਂ ਗਾਇਬ ਹੋਏ ਹਨ ਤੇ ਨਾ ਹੀ ਉਨ੍ਹਾਂ ਦੀ ਬੇਅਦਬੀ ਹੋਈ ਹੈ, ਸਿਰਫ਼ ਕਰਮਚਾਰੀਆਂ ਨੇ ਸਰੂਪਾਂ ਦੀ ਗਿਣਤੀ ਦਰਜ ਨਹੀਂ ਕੀਤੀ ਤੇ ਪੈਸੇ ਜੇਬ੍ਹ ਵਿੱਚ ਪਾ ਲਏ ਤੇ ਜਿਸ ਕਾਰਨ ਦੋਸ਼ੀ ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿੱਤਾ ਤੇ ਅਗਲੀ ਕਾਰਵਾਈ ਚੱਲ ਰਹੀ ਹੈ।
ਮਨਜੀਤ ਸਿੰਘ ਨੇ ਕਿਹਾ ਕਿ ਉਹ ਇਸ ਬਾਰੇ ਵਿਚਾਰ ਕਰ ਰਹੇ ਹਨ ਕਿ ਸਰੂਪ ਕਿੱਥੇ ਗਏ? ਪਤਾ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਇਨਸਾਫ਼ ਲਈ ਮੋਰਚਾ ਲਾਉਣ ਵਾਲੇ ਆਪਣਾ ਪੱਖ ਸ਼੍ਰੋਮਣੀ ਕਮੇਟੀ ਕੋਲ ਰੱਖ ਸਕਦੇ ਹਨ, ਇਹ ਵੀ ਸਾਡੇ ਭਰਾ ਹਨ, ਸਾਡਾ ਇਨ੍ਹਾਂ ਨਾਲ ਕੋਈ ਵੈਰ ਵਿਰੋਧ ਨਹੀਂ।