ਅੰਮ੍ਰਿਤਸਰ: ਕਿਸਾਨ ਮਜਦੂਰ ਸੰਗਰਸ਼ ਕਮੇਟੀ ਵੱਲੋਂ ਕੱਥੂਨੰਗਲ ਟੋਲ ਪਲਾਜਾ 'ਤੇ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ। ਕੱਥੂਨੰਗਲ ਟੋਲ ਪਲਾਜਾ ਤੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਜੀਰਾ ਫੈਕਟਰੀ ਸਣੇ ਕਈ ਪਿੰਡਾਂ ਉੱਤੇ ਸਰਕਾਰ ਵੱਲੋਂ ਜ਼ੁਲਮ ਅਤੇ ਤਸ਼ੱਦਦ ਕੀਤੇ ਜਾ ਰਹੇ ਹਨ। ਜ਼ੀਰਾ ਸ਼ਰਾਬ ਫੈਕਟਰੀ ਕੋਲੋਂ ਪੁਲਿਸ ਵੱਲੋਂ ਚੱਕਵਾਏ ਗਏ ਧਰਨੇ ਸੰਬੰਧੀ ਜਥੇਬੰਦੀ ਦੇ ਸੀਨੀਅਰ ਆਗੂਆਂ ਵੱਲੋਂ ਪੰਜਾਬ ਭਰ ਵਿਚ ਮਾਨ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ।
ਪੰਜਾਬ ਭਰ ਵਿੱਚ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੇ ਫੂਕੇ ਗਏ ਪੁਤਲੇ: ਅੰਮ੍ਰਿਤਸਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਜਥੇਬੰਦੀ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿਚ ਡੀਸੀ ਦਫਤਰਾਂ ਤੋਂ ਸ਼ੁਰੂ ਮੋਰਚੇ ਲਗਾਤਾਰ ਵਿਸਤਾਰ ਕਰਦੇ ਹੋਏ 23ਵੇਂ ਦਿਨ ਵੀ ਜਾਰੀ ਰਹੇ। ਦੱਸ ਦੇਈਏ ਕਿ ਜਥੇਬੰਦੀ ਟੋਲ ਪਲਾਜ਼ਿਆ ਤੇ ਲੱਗੇ ਮੋਰਚੇ ਵੀ 4ਥੇ ਦਿਨ ਵਿਚ ਪਹੁੰਚ ਚੁੱਕਿਆ ਹੈ। ਜਥੇਬੰਦੀ ਵੱਲੋ ਜ਼ੀਰਾ ਵਿਚ ਮਾਲਬਰੋਜ਼ ਸ਼ਰਾਬ ਫੈਕਟਰੀ ਅੱਗੇ ਲੱਗੇ ਸਾਂਝੇ ਮੋਰਚੇ ਤੇ ਪੰਜਾਬ ਸਰਕਾਰ ਵੱਲੋਂ ਕੀਤੀ ਕਾਰਵਾਈ ਤਹਿਤ ਪੁਲਿਸ ਵੱਲੋਂ ਹਿਰਾਸਤ ਵਿਚ ਲਏ ਗਏ ਜਥੇਬੰਦੀ ਦੇ ਸੂਬਾ ਆਗੂ ਰਾਣਾ ਰਣਬੀਰ ਸਿੰਘ ਅਤੇ ਫੈਕਟਰੀ ਮੋਰਚੇ ਦੇ ਸੀਨੀਅਰ ਨੁਮਾਇੰਦੇ ਬਲਰਾਜ ਸਿੰਘ ਦੀ ਤੁਰੰਤ ਰਿਹਾਈ ਕਰਵਾਉਣ ਅਤੇ ਧਰਨਾ ਚਕਵਾਉਣ ਦੀ ਕੋਸ਼ਿਸ਼ ਦੇ ਖਿਲਾਫ ਡੀਸੀ ਦਫਤਰ ਅੰਮ੍ਰਿਤਸਰ, ਟੋਲ ਪਲਾਜ਼ਾ ਕਥੂਨੰਗਲ, ਟੋਲ ਪਲਾਜ਼ਾ ਮਾਨਾਂਵਾਲਾ, ਟੋਲ ਪਲਾਜ਼ਾ ਛਿਡਣ ਸਮੇਤ ਪੰਜਾਬ ਭਰ ਵਿੱਚ ਪੰਜਾਬ ਦੇ ਮੁਖਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ ਗਏ।
'ਸਰਕਾਰ ਹਾਈਕੋਰਟ ਦੀ ਆੜ ਹੇਠ ਸਿੱਧਾ ਕਾਰਪੋਰੇਟ ਦੇ ਹੱਕ ਵਿਚ ਖੜੀ ਹੈ': ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਹਾਈਕੋਰਟ ਦੀ ਆੜ ਹੇਠ ਸਿੱਧਾ ਕਾਰਪੋਰੇਟ ਦੇ ਹੱਕ ਵਿਚ ਖੜੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ ਨਾਲ ਖੇਡਣ ਦਾ ਅਧਿਕਾਰ ਕਿਸੇ ਕੋਲ ਵੀ ਨਹੀਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਗਿਰਫ਼ਤਾਰ ਕੀਤੇ ਆਗੂਆਂ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਤਾਂ ਜਥੇਬੰਦੀ ਤਿੱਖੇ ਐਕਸ਼ਨ ਕਰਨ ਨੂੰ ਮਜ਼ਬੂਰ ਹੋਵੇਗੀ ਅਤੇ ਜੇਕਰ ਇਸ ਨਾਲ ਆਮ ਜਨਤਾ ਨੂੰ ਪ੍ਰੇਸ਼ਾਨੀ ਹੁੰਦੀ ਹੈ ਤਾਂ ਇਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਜ਼ੀਰਾ ਦੇ ਪੀੜਿਤ ਲੋਕਾਂ ਨਾਲ ਖੜੀ ਹੈ ਅਤੇ ਹਰ ਮੁਸ਼ਕਿਲ ਵਿਚ ਸਾਥ ਦੇਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਦਾ ਇੱਕ ਮਹੀਨੇ ਦਾ ਸਮਾਂ ਮੰਗਣਾ ਸਿਰਫ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਹੈ ਅਤੇ ਲੱਗਦਾ ਹੈ ਕਿ ਸਰਕਾਰ ਲੋਕਾਂ ਦਾ ਦਮ ਖਮ ਪਰਖਣ ਦੇ ਰੌਂਅ ਵਿਚ ਹੈ ਪਰ ਲੋਕ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਦੀ ਲੜਾਈ ਲੜਦੇ ਰਹਿਣਗੇ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਲੋਕਾਂ ਤੇ ਤਸ਼ੱਦਦ ਕਰਨ ਦੀ ਜਗ੍ਹਾ ਫੈਕਟਰੀ ਮਾਲਕਾਂ ਤੇ ਕਾਰਵਾਈ ਕਰਕੇ ਮਿਸਾਲ ਕਾਇਮ ਕਰੇ ਅਤੇ ਹਾਈਕੋਰਟ ਨੂੰ ਦੱਸੇ ਕਿ ਕਿਸ ਤਰਾਂ ਇਹ ਫੈਕਟਰੀ ਲੋਕਾਂ ਦੀ ਜਾਨ ਦਾ ਦੁਸ਼ਮਣ ਬਣੀ ਹੈ।
'ਜਾਣਬੁਝ ਕੇ ਪੰਜਾਬ ਦੇ ਹਾਲਾਤ ਖਰਾਬ ਕਰਵਾ ਰਹੀ ਹੈ ਮਾਨ ਸਰਕਾਰ': ਇਸ ਤੋਂ ਅੱਗੇ ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਮਾਨ ਸਰਕਾਰ ਜਾਣਬੁਝ ਕੇ ਪੰਜਾਬ ਦੇ ਹਾਲਾਤ ਖਰਾਬ ਕਰਵਾ ਰਹੀ ਹੈ ਤਾਂ ਜੋ ਲੰਬਾ ਸਮਾਂ ਰਾਜਨੀਤੀ ਕੀਤੀ ਜਾ ਸਕੇ ਪਰ ਲੋਕ ਸਮਝਦਾਰ ਹੋ ਚੁੱਕੇ ਹਨ ਅਤੇ ਭਗਵੰਤ ਮਾਨ ਸਰਕਾਰ ਨੂੰ ਪਹਿਲੀਆਂ ਪਾਰਟੀਆਂ ਵੱਲ ਦੇਖ ਕੇ ਕੁਝ ਮੱਤ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਸਮਝ ਲੈਣਾ ਪਵੇਗਾ ਕਿ ਅੰਦੋਲਨ ਮੰਗਾ ਮੰਨੀਆਂ ਜਾਣ ਤੱਕ ਜ਼ਾਰੀ ਰਹੇਗਾ ਸੋ ਜਿੰਨੀ ਜਲਦੀ ਹੋਵੇ ਮੰਗਾ ਦਾ ਕਾਰਗਰ ਹੱਲ ਕਰੇ।
ਇਹ ਵੀ ਪੜ੍ਹੋ: ਸਮਾਜ ਲਈ ਨਵੀਂ ਸੇਧ: ਧੀ ਜੰਮਣ ਤੇ ਪਰਿਵਾਰ ਨੇ ਮਨਾਈ ਖੁਸ਼ੀ, ਫੁੱਲਾਂ ਦੀ ਵਰਖਾ ਕਰ ਕੀਤਾ ਧੀ ਦਾ ਸੁਆਗਤ