ਅੰਮ੍ਰਿਤਸਰ: ਭਾਜਪਾ ਨੇ ਸੀਨੀਅਰ ਲੀਡਰ ਸੁਬਰਾਮਨੀਅਮ ਸਵਾਮੀ ਦੇ ਕਰਤਾਰਪੁਰ ਲਾਂਘੇ ਦੇ ਬਿਆਨ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਉੱਥੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਬਰਾਮਨੀਅਮ ਸਵਾਮੀ ਨੂੰ ਆਰ.ਐਸ.ਐਸ. ਅਤੇ ਕੇਂਦਰ ਸਰਕਾਰ ਦਾ ਟਾਊਟ ਦੱਸਿਆ ਹੈ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸੁਬਰਾਮਨੀਅਮ ਸਵਾਮੀ ਆਰ.ਐਸ.ਐਸ ਦੇ ਇਸ਼ਾਰੇ 'ਤੇ ਅਜਿਹੇ ਬਿਆਨ ਦੇ ਰਿਹਾ ਹੈ ਕਿਉਂ ਕਿ ਭਾਜਪਾ ਨਹੀਂ ਚਾਹੁੰਦੀ ਕਿ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹੇ। ਰੰਧਾਵਾ ਨੇ ਕਿਹਾ ਕਿ ਜਿਸ ਸਮੇਂ ਪੰਜਾਬ ਵਿੱਚ ਅੱਤਵਾਦ ਸੀ ਤਾਂ ਸੁਬਰਾਮਨੀਅਮ ਸੁਆਮੀ ਖਾਲਿਸਤਾਨ ਦੇ ਹੱਕ ਵਿੱਚ ਬੋਲਦਾ ਸੀ, ਹੁਣ ਜਦ ਸਿੱਖਾਂ ਲਈ ਕਰਤਾਰਪੁਰ ਸਾਹਿਬ ਲਾਂਘਾ ਖੁੱਲ ਰਿਹਾ ਹੈ ਤਾਂ ਸਵਾਮੀ ਮੁੜ ਤੋਂ ਖਿਲਾਫ਼ ਬੋਲ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੰਧਾਵਾ ਨੇ ਅਕਾਲੀ ਦਲ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕਰਤਾਰਪੁਰ ਸਾਹਿਬ ਲਾਂਘੇ ਉੱਤੇ ਸਵਾਮੀ ਵੱਲੋਂ ਦਿੱਤੇ ਗਏ ਬਿਆਨ 'ਤੇ ਆਪਣੀ ਸਥਿਤੀ ਸਪੱਸਟ ਕਰਨ ਲਈ ਕਿਹਾ। ਰੰਧਾਵਾ ਨੇ ਕਿਹਾ ਕਿ ਹਰਸਿਮਰਤ ਕੌਰ ਨੂੰ ਚਾਹੀਦਾ ਸੀ ਕਿ ਉਹ ਸੁਬਰਾਮਨੀਅਮ ਦੇ ਬਿਆਨ 'ਤੇ ਪ੍ਰੋਟੈਸਟ ਨੋਟਿਸ ਭੇਜਦੀ ਪਰ ਹਰਸਿਮਰਤ ਨੇ ਅਜਿਹਾ ਕੁੱਝ ਨਹੀਂ ਕੀਤਾ।
ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਭਾਜਪਾ ਦੇ ਆਗੂ ਸੁਬਰਾਮਨੀਅਮ ਸਵਾਮੀ ਨੇ ਕਰਤਾਰਪੁਰ ਕੌਰੀਡੋਰ ਸਬੰਧੀ ਬਿਆਨ ਦਿੰਦਿਆਂ ਕਿਹਾ ਸੀ ਕਿ ਦੇਸ਼ਹਿੱਤ ਲਈ ਕਰਤਾਰਪੁਰ ਲਾਂਘੇ ਦੇ ਕਾਰਜ ਨੂੰ ਪਾਕਿਸਤਾਨ ਨਾਲ ਅੱਗੇ ਨਹੀਂ ਵਧਾਉਣਾ ਚਾਹੀਦਾ। ਸੁਆਮੀ ਦੇ ਇਸ ਬਿਆਨ ਦੀ ਰਾਜਨੀਤਿਕ ਪਾਰਟੀਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਸਵਾਮੀ ਦੇ ਇਸ ਬਿਆਨ ਨਾਲ ਜਿੱਥੇ ਰਾਜਨੀਤਿਕ ਪਾਰਟੀਆਂ 'ਚ ਹਲਚਲ ਮਚੀ ਹੈ ਉੱਥੇ ਹੀ ਕਈ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਸੱਟ ਵੱਜੀ ਹੈ।