ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਾਂਝੇ ਤੌਰ ਉੱਤੇ ਮਨਾਉਣ ਨੂੰ ਲੈ ਕੇ ਸਰਕਾਰ ਦੇ ਦੋ ਨੁਮਾਇੰਦਿਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਈ ਜਾ ਰਹੀ ਸਟੇਜ ਜਿਸ ਵਿੱਚ ਜਿਹੜੇ ਵੀ ਕੇਂਦਰੀ ਲੀਡਰ ਜਾਂ ਰਾਸ਼ਟਰਪਤੀ ਆਉਣਗੇ ਉਨ੍ਹਾਂ ਦੀ ਰਹਿਨੁਮਾਈ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੱਖ ਸਹਿਬਾਨ ਕਰਨ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਫ਼ੋਨ ਉੱਤੇ ਗੱਲ ਕਰਵਾ ਦਿੱਤੀ ਹੈ।
ਰੰਧਾਵਾ ਨੇ ਕਿਹਾ ਕਿ ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਦੀ ਪਹਿਲੀ ਸੇਵਾ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਵਲੋਂ ਪੂਰੀ ਰਹਿਤ ਮਰਿਆਦਾ ਤਹਿਤ ਕੀਤੀ ਗਈ ਸੀ ਇਸ ਲਈ ਉਹ ਖੁਦ ਵੀ ਗੁਰਸਿਖ ਹੋਣ ਕਾਰਨ ਇਸ ਮਰਿਆਦਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ।
ਰੰਧਾਵਾ ਨੇ ਕਿਹਾ ਕਿ ਐਸ ਜੀ ਪੀ ਸੀ ਜਿਹੜੀ ਸਟੇਜ ਬਣਾਉਣ ਤੇ 15 ਕਰੋੜ ਰੁਪਏ ਖ਼ਰਚ ਰਹੀ ਹੈ ਉਹ ਕਿਸੇ ਹੋਰ ਪਾਸੇ ਲਾਗਉਣ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਸੁਨੇਹਾ ਜਥੇਦਾਰ ਸਾਹਿਬ ਨੂੰ ਦੇ ਦਿੱਤਾ ਹੈ ਹੁਣ ਇਹ ਵੇਖਣਾ ਅਕਾਲ ਤਖਤ ਸਾਹਿਬ ਦਾ ਕੰਮ ਹੈ ਕਿ ਐਸ ਜੀ ਪੀ ਸੀ ਉਨ੍ਹਾਂ ਨਾਲ ਸਾਂਝੀ ਸਟੇਜ ਲਾਗਉਣ ਤੇ ਸਹਿਮਤ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਸਾਂਝੇ ਤੌਰ ਉੱਤੇ ਹੀ ਪ੍ਰਕਾਸ਼ ਪੁਰਬ ਮਨਾਉਣ।
ਉੱਧਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 21 ਅਕਤੂਬਰ ਨੂੰ ਪੰਜ ਸਿੰਘ ਸਾਹਿਬਾਨਾਂ ਨਾਲ ਮੀਟਿੰਗ ਕਰ ਕੇ ਅਗਲੀ ਵਿਚਾਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਦੇ ਸਮਾਗਮ ਸਾਂਝੇ ਤੌਰ ਉੱਤੇ ਹੀ ਮਨਾਏ ਜਾਣਗੇ।