ਅੰਮ੍ਰਿਤਸਰ: ਪਰਮਿੰਦਰ ਢੀਂਡਸਾ ਵੱਲੋਂ ਦਿੱਤੇ ਅਸਤੀਫੇ ਨੂੰ ਲੈ ਕੇ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਢੀਂਡਸਾ ਅਕਾਲੀ ਦਲ ਨੂੰ ਛੱਡਣ ਦੇ ਹੱਕ ਵਿੱਚ ਨਹੀਂ ਸਨ ਪਰ ਪਿਤਾ ਸੁਖਦੇਵ ਸਿੰਘ ਢੀਂਡਸਾ ਦੇ ਦਬਾਅ ਅੱਗੇ ਉਨ੍ਹਾਂ ਨੂੰ ਝੁਕਣਾ ਪਿਆ ਅਤੇ ਆਖਿਰਕਾਰ ਉਨ੍ਹਾਂ ਨੇ ਅਕਾਲੀ ਦਲ ਨੂੰ ਛੱਡਣ ਦਾ ਫ਼ੈਸਲਾ ਲੈ ਲਿਆ। ਉਨ੍ਹਾਂ ਕਿਹਾ ਕਿ ਪਰਮਿੰਦਰ ਢੀਂਡਸਾ ਅੱਜ ਵੀ ਮੇਰੇ ਭਰਾ ਹਨ ਅਤੇ ਇੱਕ ਵਧੀਆ ਇਨਸਾਨ ਵੀ ਹਨ।
ਮਜੀਠੀਆ ਨੇ ਕਿਹਾ ਕਿ ਪਰਮਿੰਦਰ ਅਤੇ ਮੈਂ ਬਚਪਨ ਤੋਂ ਹੀ ਇੱਕ ਦੂਸਰੇ ਦੇ ਚੰਗੇ ਦੋਸਤ ਹਾਂ ਅਤੇ ਪੜ੍ਹਾਈ ਵੀ ਇਕੱਠਿਆਂ ਨੇ ਹੀ ਕੀਤੀ ਹੈ। ਪਰਮਿੰਦਰ ਅੱਜ ਵੀ ਮੇਰਾ ਭਰਾ ਹੈ ਅਤੇ ਅਕਾਲੀ ਦਲ ਛੱਡਣ ਤੋਂ ਪਹਿਲਾਂ ਵੀ ਮੇਰੀ ਉਸ ਨਾਲ ਗੱਲਬਾਤ ਹੋਈ ਸੀ ਅਤੇ ਉਸਨੇਂ ਦੱਸਿਆ ਸੀ ਕਿ ਉਹ ਅਕਾਲੀ ਦਲ ਨੂੰ ਨਹੀਂ ਛੱਡਣਾ ਚਾਹੁੰਦਾ ਪਰ ਪਿਤਾ ਸੁਖਦੇਵ ਢੀਂਡਸਾ ਵਲੋਂ ਉਹਨਾਂ ਤੇ ਇਨ੍ਹਾਂ ਜ਼ਿਆਦਾ ਦਬਾਅ ਬਣਾਇਆ ਗਿਆ ਕਿ ਉਹਨਾਂ ਨੂੰ ਅੰਤ ਵਿੱਚ ਇਹ ਫੈਸਲਾ ਲੈਣਾ ਪਿਆ। ਦਰਅਸਲ ਪਰਮਿੰਦਰ ਢੀਂਡਸਾ ਵੀ ਪਰਕਾਸ਼ ਸਿੰਘ ਬਾਦਲ ਤੋਂ ਅੱਜ ਵੀ ਬਹੁਤ ਪ੍ਰਭਾਵਿਤ ਹਨ ਅਤੇ ਉਨ੍ਹਾਂ ਨੂੰ ਆਪਣਾ ਮਾਰਗ ਦਰਸ਼ਕ ਮੰਨਦੇ ਹਨ। ਪਰ ਹੁਣ ਮਾਮਲਾ ਪਿਓ- ਪੁੱਤਰ ਦਾ ਬਣ ਚੁੱਕਾ ਹੈ ਅਤੇ ਪਰਮਿੰਦਰ ਢੀਂਡਸਾ ਨੇ ਆਪਣੇ ਪਿਤਾ ਨਾਲ ਖੜਨ ਦਾ ਫ਼ੈਸਲਾ ਕੀਤਾ ਹੈ।