ਅੰਮ੍ਰਿਤਸਰ: ਸ਼ਹਿਰ ਦੇ ਕ੍ਰਿਸਟਲ ਚੌਕ ਵਿੱਚ ਲਗਦੀ ਪ੍ਰਾਈਵੇਟ ਰੇਹੜੀ ਮਾਰਕੀਟ 'ਤੇ ਨਗਰ ਨਿਗਮ ਨੇ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਦਾ ਮੌਕੇ 'ਤੇ ਮਾਰਕੀਟ ਦੇ ਰੇਹੜੀ ਵਾਲਿਆਂ ਨੇ ਸਖਤ ਵਿਰੋਧ ਕੀਤਾ ਅਤੇ ਪ੍ਰਦਰਸ਼ਨ ਕਰਦੇ ਹੋਏ ਭਰਵੀਂ ਨਾਅਰੇਬਾਜ਼ੀ ਕੀਤੀ।
ਮੌਕੇ 'ਤੇ ਪ੍ਰਦਰਸ਼ਨ ਕਰ ਰਹੇ ਰੇਹੜੀ ਵਾਲਿਆਂ ਨੇ ਦੱਸਿਆ ਕਿ ਇਸ ਮਾਰਕੀਟ ਵਿੱਚ 22 ਰੇਹੜੀਆਂ ਲੱਗਦੀਆਂ ਸਨ, ਜਿਨ੍ਹਾਂ ਨਾਲ 150 ਪਰਿਵਾਰ ਆਪਣਾ ਢਿੱਡ ਭਰ ਰਹੇ ਸਨ। ਪਰੰਤੂ ਨਗਰ ਨਗਮ ਦੇ ਕੁੱਝ ਅਧਿਕਾਰੀ ਰੇਹੜੀ ਵਾਲਿਆਂ ਕੋਲੋਂ ਰਿਸ਼ਵਤ ਮੰਗ ਰਹੇ ਸਨ, ਜੋ ਉਨ੍ਹਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਸ਼ੁੱਕਰਵਾਰ ਨੂੰ ਅਧਿਕਾਰੀਆਂ ਨੇ ਨਾਜਾਇਜ਼ ਤੌਰ 'ਤੇ ਮਾਰਕੀਟ ਵਿੱਚ ਸਫ਼ਾਈ ਨਾ ਰੱਖਣ ਦਾ ਬਹਾਨਾ ਬਣਾ ਕੇ ਮਾਰਕੀਟ ਦੀਆਂ ਦੁਕਾਨਾਂ 'ਤੇ ਬੁਲਡੋਜ਼ਰ ਚਲਵਾ ਦਿੱਤਾ ਅਤੇ ਰੇਹੜੀਆਂ ਢਾਹ ਦਿੱਤੀਆਂ।
ਰੇਹੜੀ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦਾ ਨਿਗਮ ਨੇ ਉਨ੍ਹਾਂ ਨੂੰ ਸਾਮਾਨ ਵੀ ਨਹੀਂ ਕੱਢਣ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਤਾਂ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਦੇ ਕਾਰਨ ਕੰਮ ਠੱਪ ਪਏ ਹਨ, ਉਪਰੋਂ ਪ੍ਰਸ਼ਾਸਨ ਨੇ ਹੁਣ ਉਨ੍ਹਾਂ ਦੀਆਂ ਰੇਹੜੀਆਂ ਤੋੜ ਦਿੱਤੀਆਂ। ਰੇਹੜੀ ਵਾਲਿਆਂ ਨੇ ਪ੍ਰਸ਼ਾਸਨ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਮੌਕੇ 'ਤੇ ਸੜਕ ਵੀ ਜਾਮ ਕਰ ਦਿੱਤੀ ਅਤੇ ਪ੍ਰਦਰਸ਼ਨ ਕਰਦਿਆਂ ਸਰਕਾਰ ਤੋਂ ਪ੍ਰਸ਼ਾਸਨ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਲਈ ਮੌਕੇ 'ਤੇ ਪੁਲਿਸ ਅਧਿਕਾਰੀ ਸ਼ਿਵ ਕੁਮਾਰ ਵੀ ਪੁਲਿਸ ਪਾਰਟੀ ਨਾਲ ਪੁੱਜੇ ਪਰੰਤੂ ਰੇਹੜੀ ਵਾਲਿਆਂ ਨੇ ਨਾਅਰੇਬਾਜ਼ੀ ਜਾਰੀ ਰੱਖੀ। ਪੁਲਿਸ ਅਧਿਕਾਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਇਹ ਨਾਜਾਇਜ਼ ਬਣੀਆਂ ਹੋਈਆਂ ਸਨ, ਜਿਸ ਕਾਰਨ ਢਾਹਿਆ ਗਿਆ ਹੈ। ਪਰੰਤੂ ਮਾਮਲੇ ਦੀ ਜਾਂਚ ਜਾਰੀ ਹੈ।