ਅੰਮ੍ਰਿਤਸਰ: ਪੰਜਾਬ 'ਚ ਅਵਾਰਾ ਕੁੱਤਿਆਂ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਅੰਮ੍ਰਿਤਸਰ ਦੀ ਮਹਿੰਦਰ ਕਲੋਨੀ 'ਚ ਅਵਾਰਾ ਕੁੱਤਿਆਂ ਵੱਲੋਂ ਇੱਕ ਬੱਚੇ ਨੂੰ ਨੋਚਣ ਦਾ ਮਾਮਲਾ ਸਾਹਮਣੇ ਆਇਆ ਹੈ, ਬੱਚਾ ਬੁਰੀ ਤਰ੍ਹਾਂ ਜ਼ਖ਼ਮੀ ਹੈ।
ਜਾਣਕਾਰੀ ਮੁਤਾਬਕ ਬੱਚਾ ਕਲੋਨੀ 'ਚ ਬਣੀ ਪਾਰਕ ਵਿੱਚ ਖੇਡਣ ਆਇਆ ਸੀ। ਉੱਥੇ ਉਸ ਨੇ ਜਦੋਂ ਕੁੱਤਿਆਂ ਨੂੰ ਵੇਖਿਆ ਤਾਂ ਉਹ ਪਾਰਕ ਦੇ ਗੇਟ 'ਤੇ ਹੀ ਖੜ੍ਹਾ ਹੋ ਗਿਆ। ਅਵਾਰਾ ਕੁੱਤਿਆਂ ਦੇ ਝੁੰਡ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਗੇਟ ਤੋਂ ਘੜੀਸ ਕੇ ਸੜਕ ਤੱਕ ਲੈ ਆਏ ਅਤੇ ਬੁਰੀ ਤਰ੍ਹਾਂ ਉਸ ਨੂੰ ਨੋਚਣਾ ਸ਼ੁਰੂ ਕਰ ਦਿੱਤਾ।
ਬੱਚੇ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਭੱਜੇ ਆਏ ਅਤੇ ਕੁੱਤਿਆਂ ਤੋਂ ਮਾਸੂਮ ਨੂੰ ਬਚਾਇਆ। ਕੁੱਤਿਆਂ ਨੇ ਬੱਚੇ ਨੂੰ ਕਾਫ਼ੀ ਨੋਚਿਆ ਹੈ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ।