ਅੰਮ੍ਰਿਤਸਰ: ਸਰਹੱਦੀ ਇਲਾਕੇ ਅੰਦਰ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਐਸਟੀਐਫ਼ ਦੇ ਸੂਤਰਾਂ ਦੇ ਹਵਾਲੇ ਤੋਂ ਸੂਚਨਾ ਦੇ ਆਧਾਰ ਉੱਤੇ ਅੰਤਰਰਾਸ਼ਟਰੀ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ। ਐਸਟੀਐਫ਼ ਦੇ ਆਈਜੀ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਸਟੀਐਫ ਦੇ ਸੂਤਰਾਂ ਦੇ ਹਵਾਲੇ ਤੋਂ ਸੂਚਨਾ ਮਿਲੀ ਸੀ ਕਿ ਸਤਨਾਮ ਸਿੰਘ ਉਰਫ਼ ਸੱਤਾ ਵਾਸੀ ਮਰਹਾਨਾ ਜ਼ਿਲ੍ਹਾ ਤਰਨਤਾਰਨ ਤੇ ਬਲਵਿੰਦਰ ਸਿੰਘ ਉਰਫ਼ ਲੱਦੀ ਵਾਸੀ ਬਾਗੜੀਆ ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰਦੇ ਹਨ। ਮਾਨਾਂਵਾਲਾ ਪਿੰਡ ਦੀ ਹਾੜ 'ਤੇ ਨਾਕਾਬੰਦੀ ਕਰ ਮੁਲਜ਼ਮ ਨੂੰ 9 ਕਿਲੋ ਹੈਰੋਇਨ ਸਣੇ ਕਾਬੂ ਕਰ ਲਿਆ ਗਿਆ, ਜਦਕਿ ਦੂਜਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਿਆ।
ਐਸਟੀਐਫ਼ ਦੇ ਆਈਜੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਪਾਕਿਸਤਾਨ ਦੇ ਸਮੱਗਲਰਾਂ ਨਾਲ ਗਹਿਰੇ ਸਬੰਧ ਹਨ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਹ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਨਸ਼ਾ ਵੀ ਵੇਚਦੇ ਹਨ, ਜਿਹੜੇ ਆਈ 10 ਗੱਡੀ ਵਿੱਚ ਸਵਾਰ ਹੋ ਕੇ ਮਾਨਾਂਵਾਲਾ ਪਿੰਡ ਵੱਲ ਨੂੰ ਜਾ ਰਹੇ ਹਨ। ਆਈਜੀ ਨੇ ਦੱਸਿਆਂ ਕਿ ਐਸਟੀਐਫ਼ ਦੀ ਟੀਮ ਨੇ ਮਾਨਾਂਵਾਲਾ ਪਿੰਡ ਦੀ ਹਾੜ 'ਤੇ ਜਾ ਕੇ ਨਾਕਾਬੰਦੀ ਕਰਦਿਆ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ। ਜਲੰਧਰ ਵਲੋਂ ਆਉਂਦੀ ਗੱਡੀ ਆਈ 10 ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ, ਉਸ ਸਮੇਂ ਡਰਾਈਵਰ ਦੇ ਨਾਲ ਬੈਠਾ ਇਕ ਨੌਜਵਾਨ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ ਤੇ ਕਾਰ ਚਲਾ ਰਿਹਾ ਨੌਜਵਾਨ ਕਾਬੂ ਕਰ ਲਿਆ ਗਿਆ।
ਆਈਜੀ ਨੇ ਦੱਸਿਆ ਕਿ ਗ੍ਰਿਫ਼ਤਾਰ ਹੋਏ ਮੁਲਜ਼ਮ ਦੀ ਪਛਾਣ ਸਤਨਾਮ ਸਿੰਘ ਅਤੇ ਭੱਜਣ ਵਾਲੇ ਦੀ ਬਲਵਿੰਦਰ ਸਿੰਘ ਵਜੋਂ ਪਛਾਣ ਹੋਈ। ਜਦੋ ਉਸ ਦੀ ਗੱਡੀ ਦੀ ਚੈਕਿੰਗ ਕੀਤੀ ਗਈ, ਤਾਂ ਪਿਛਲੀ ਸੀਟ 'ਤੇ ਪਈ ਇਕ ਬੋਰੀ ਨੂੰ ਖੋਲਿਆ ਤੇ ਉਸ ਵਿੱਚੋ 1-1 ਕਿਲੋ ਦੇ 9 ਹੈਰੋਇਨ ਦੇ ਪੈਕੇਟ ਬੰਦ ਬਰਾਮਦ ਹੋਏ। ਮੁਲਜ਼ਮ ਸਤਨਾਮ ਸਿੰਘ ਉੱਤੇ ਪਹਿਲਾਂ ਵੀ ਇੱਕ ਮਾਮਲਾ ਦਰਜ ਹੈ।
ਇਹ ਵੀ ਪੜ੍ਹੋ: ਹਾਰ ਕੈਪਟਨ ਸੰਧੂ ਦੀ ਨਹੀਂ ਸਗੋਂ ਕੈਪਟਨ ਅਮਰਿੰਦਰ ਦੀ ਹੋਈ: ਮਨਪ੍ਰੀਤ ਇਯਾਲੀ
ਐਸਟੀਐਫ ਦੇ ਅਧਿਕਾਰੀ ਇੰਸਪੈਕਟਰ ਵਰਮਿਤ ਸਿੰਘ ਵਲੋਂ ਮੁਲਜ਼ਮਾਂ ਉੱਤੇ ਮੁਕਦਮਾ ਦਰਜ ਕਰ ਲਿਆ ਗਿਆ ਹੈ ਤੇ ਉਸ ਕੋਲੋਂ ਪੁੱਛਗਿੱਛ ਜਾਰੀ ਹੈ। ਉਨ੍ਹਾਂ ਕਿਹਾ ਕਿ ਭਗੋੜਾ ਬਲਵਿੰਦਰ ਵੀ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਉਸ ਉੱਤੇ ਪਹਿਲਾਂ 4 ਮਾਮਲੇ ਦਰਜ ਹਨ।