ਅੰਮ੍ਰਿਤਸਰ: ਪੰਜਾਬ ਵਿੱਚ ਨਸ਼ਿਆਂ ਨੂੰ ਰੋਕਣ ਲਈ ਬਣੀ ਵਿਸ਼ੇਸ਼ ਟਾਸਕ ਫੋਰਸ ਨੇ ਦੋ ਵੱਖ-ਵੱਖ ਅਪ੍ਰੇਸ਼ਨਾਂ ਵਿੱਚ 8 ਕਿਲੋ 690 ਗ੍ਰਾਮ ਹੈਰੋਈਨ ਬਰਾਮਦ ਕੀਤੀ ਹੈ। ਇਸ ਦੌਰਾਨ ਪੁਲਿਸ 'ਤੇ ਨਸ਼ਾ ਤਸਕਰਾਂ ਵਿੱਚ ਹੋਏ ਮੁਕਾਬਲੇ ਦੌਰਾਨ 3 ਤਸਕਰਾਂ ਨੂੰ ਵੀ ਕਾਬੂ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਐੱਟੀਐੱਫ ਦੇ ਬਾਰਡਰ ਰੇਜ਼ਦ ਦੇ ਆਈ.ਜੀ ਰਛਪਾਲ ਸਿੰਘ ਨੇ ਦਿੱਤੀ ਹੈ।
ਰਛਪਾਲ ਸਿੰਘ ਨੇ ਦੱਸਿਆ ਕਿ ਐਸਟੀਐਫ ਬਾਰਡਰ ਰੇਂਜ ਅੰਮ੍ਰਿਤਸਰ ਨੇ ਐਨ.ਡੀ.ਪੀ.ਐਸ. ਐਕਟ ਅਧੀਨ ਥਾਣਾ ਐਸਟੀਐਫ ਐਸ. ਏ. ਐਸ. ਨਗਰ ਵਿਖੇ ਮੁਖਬਰੀ ਦੇ ਅਧਾਰ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮੁਖਬਰੀ ਅਨੁਸਾਰ ਪਾਕਿਸਤਾਨ ਤੋਂ ਸਮਗਲਿੰਗ ਹੋਈ ਹੈਰੋਇਨ ਬੀ.ਐਸ.ਐਫ. ਸੈਕਟਰ ਅਜਨਾਲਾ ਦੇ ਖੇਤਰ ਵਿੱਚ ਭਾਰਤ-ਪਾਕਿ ਸੀਮਾ ਵਿੱਚ ਤਾਰਾਂ ਤੋਂ ਪਾਰ ਲੁਕਾ ਕੇ ਰੱਖੀ ਹੋਈ ਸੀ।
ਡੀ. ਐਸ. ਪੀ. ਵਰਿੰਦਰ ਮਹਾਜਨ ਨੇ ਤਫਤੀਸ਼ ਆਰੰਭ ਕੀਤੀ ਅਤੇ ਇਸ ਸਬੰਧੀ ਕਰਮ ਸਿੰਘ ਉਰਫ ਗਾਲੂ ਪੁੱਤਰ ਕੁਲਵੰਤ ਸਿੰਘ ਉਰਫ ਭਗਤ ਸਿੰਘ ਵਾਸੀ ਕਮੀਰਪੁਰ ਚੱਕ ਬਾਲਾ ਥਾਣਾ ਰਮਦਾਸ ਨੂੰ ਕੱਲ ਗ੍ਰਿਫ਼ਤਾਰ ਕੀਤਾ। ਇਸ ਦੀ ਨਿਸ਼ਾਨਦੇਹੀ ਉਤੇ ਬੀ. ਐਸ. ਐਫ. ਦੀ ਮਦਦ ਨਾਲ ਖੇਤਾਂ ਵਿਚੋਂ 6 ਕਿਲੋ 690 ਗ੍ਰਾਮ ਹੈਰੋਇਨ ਬਰਾਮਦ ਕਰ ਲਈ ਗਈ।
ਉਨਾਂ ਦੱਸਿਆ ਕਿ ਜਾਣਕਾਰੀ ਮਿਲੀ ਸੀ ਕਿ ਗੁਰਵਿੰਦਰ ਸਿੰਘ ਉਰਫ ਮਾਨ ਸਿੰਘ ਵਾਸੀ ਜੱਜੇਆਣੀ ਥਾਣਾ ਮਜੀਠਾ ਅਤੇ ਸੰਦੀਪ ਸਿੰਘ ਉਰਫ ਸੋਨੂੰ ਪਿੰਡ ਕੋਟ ਧਰਮ ਚੰਦ ਖੁਰਦ ਥਾਣਾ ਝਬਾਲ ਸਕਾਰਪੀਓ ਗੱਡੀ ਨੰਬਰ ਪੀਬੀ 07 ਯੂ 9327 ਵਿਚ ਹੈਰੋਇਨ ਸਪਲਾਈ ਕਰਨ ਲਈ ਰਮਦਾਸ ਤੋਂ ਅਨਜਾਲਾ ਨੂੰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਇਤਲਾਹ ਉਤੇ ਏ. ਐਸ. ਆਈ. ਕੁਲਵਿੰਦਰ ਸਿੰਘ, ਏ.ਐਸ. ਆਈ. ਸੁਰਜੀਤ ਸਿੰਘ, ਏ ਐਸ. ਆਈ. ਕਸ਼ਮੀਰ ਸਿੰਘ, ਏਐਸਆਈ ਦਿਲਬਾਗ ਸਿੰਘ ਅਤੇ ਏ.ਐਸ. ਆਈ. ਗੁਰਸੇਵਕ ਸਿੰਘ ਨੇ ਗੁੱਜਰਪੁਰਾ ਨੇੜੇ ਨਾਕਾਬੰਦੀ ਕਰ ਲਈ ਗਈ।
ਡੀਐਸਪੀ ਵਰਿੰਦਰ ਮਹਾਜਨ ਵੀ ਮੌਕੇ 'ਤੇ ਪੁੱਜ ਗਏ। ਐਸਟੀਐਫ ਟੀਮ ਨੇ ਗੱਡੀ ਆਉਂਦੀ ਵੇਖ ਰੁੱਕਣ ਦਾ ਇਸ਼ਾਰਾ ਕੀਤਾ, ਪਰ ਕਥਿਤ ਦੋਸ਼ੀਆਂ ਨੇ ਗੱਡੀ ਰੋਕਣ ਦੀ ਥਾਂ ਟੀਮ ਮੈਂਬਰਾਂ ਉਤੇ ਚੜਾਉਣ ਦਾ ਯਤਨ ਕੀਤਾ ਅਤੇ ਐਸਟੀਐਫ ਟੀਮ ਨੇ ਸੜਕ ਕਿਨਾਰੇ ਛਾਲਾਂ ਮਾਰ ਕੇ ਜਾਨ ਬਚਾਈ। ਏ. ਐਸ. ਆਈ. ਦਿਲਬਾਗ ਸਿੰਘ ਨੇ ਸਕਾਰਪਿਉ ਦਾ ਪਿੱਛਾ ਕਰਦੇ ਆਪਣੀ ਗੱਡੀ ਅੱਗੇ ਲਗਾ ਲਈ, ਪਰ ਸਮਗਲਰਾਂ ਨੇ ਗੱਡੀ ਰੋਕਣ ਦੀ ਥਾਂ ਐਸਟੀਐਫ ਦੀ ਟੀਮ ਦੀ ਗੱਡੀ ਨੂੰ ਟੱਕਰ ਮਾਰੀ ਤੇ ਫਿਰ ਗੱਡੀ ਭਜਾ ਲਈ।
ਡੀ. ਐਸ. ਪੀ ਵਰਿੰਦਰ ਮਹਾਜਨ ਅਤੇ ਟੀਮ ਨੇ ਸਵੈ ਰੱਖਿਆ ਲਈ ਕਥਿਤ ਦੋਸ਼ੀਆਂ ਦੀ ਗੱਡੀ ਦੇ ਟਾਇਰਾਂ ਵੱਲ ਗੋਲੀਆਂ ਵੀ ਮਾਰੀਆਂ। ਇਸ ਤਰਾਂ ਕਰੀਬ 20-25 ਮਿੰਟ ਦੇ ਪਿੱਛੇ ਮਗਰੋਂ ਚੱਕ ਮਿਸ਼ਰੀ ਖਾਂ ਨੇੜੇ ਇਨਾਂ ਨੂੰ ਕਾਬੂ ਕਰ ਲਿਆ ਅਤੇ ਗੱਡੀ ਵਿਚੋਂ 2 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।
ਸਕਾਰਪਿਉ ਚਾਲਕ ਸੰਦੀਪ ਸਿੰਘ ਦੀ ਖੱਬੀ ਲੱਤ ਵਿੱਚ ਗੋਲੀ ਲੱਗਣ ਕਾਰਨ ਉਸ ਨੂੰ ਗੁਰੂ ਨਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦਕਿ ਉਸ ਦਾ ਸਾਥੀ ਗੁਰਵਿੰਦਰ ਸਿੰਘ ਪੁਲਿਸ ਦੀ ਗ੍ਰਿਫਤ ਵਿਚ ਹੈ। ਦੋਸ਼ੀਆਂ ਉਤੇ ਮੁਕਦਮਾ ਦਰਜ ਕਰਕੇ ਤਫਤੀਸ਼ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਵੀ ਆਸ ਹੈ।