ਅੰਮ੍ਰਿਤਸਰ: ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਕਾਹਲੋਂ ਨੇ ਮਹਾਨ ਸਿੱਖ ਜਰਨੈਲ ਸ਼ਾਮ ਸਿੰਘ ਅਟਾਰੀ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਉਹ ਯੋਧਾ ਹੋਏ ਹਨ ਜਿਨ੍ਹਾਂ ਨੇ ਸਿੱਖ ਫੌਜਾਂ ਨੂੰ ਕਈ ਜੰਗਾਂ ਵਿੱਚ ਫਤਿਹ ਦਿਵਾਈ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਸ਼ਾਮ ਸਿੰਘ ਅਟਾਰੀ ਸਭਰਾਵਾਂ ਵਿਖੇ ਅੰਗਰੇਜ਼ਾਂ ਨਾਲ ਅਖ਼ੀਰਲੀ ਜੰਗ ਲੜਣ ਜਾ ਰਹੇ ਸਨ ਤਾਂ ਉਹ ਬਹੁਤ ਖੁਸ਼ ਸਨ। ਉਨ੍ਹਾਂ ਦੀ ਪਤਨੀ ਨੇ ਇਸ ਖੁਸ਼ੀ ਦਾ ਕਾਰਨ ਪੁੱਛਿਆ ਤਾਂ ਸ਼ਾਮ ਸਿੰਘ ਅਟਾਰੀ ਨੇ ਕਿਹਾ ਕਿ ਬੰਦੇ ਦੀ ਜ਼ਿੰਦਗੀ ਵਿੱਚ ਤਿੰਨ ਇਸ਼ਨਾਨ ਹੁੰਦੇ ਹਨ ਜਨਮ ਵੇਲੇ, ਵਿਆਹ ਵੇਲੇ ਤੇ ਮੌਤ ਵੇਲੇ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਖੁਸ਼ੀ ਇਸ ਕਰਕੇ ਕਿ ਉਹ ਸ਼ਹੀਦੀ ਦੇਣ ਜਾ ਰਹੇ ਹਨ।
ਸਤਨਾਮ ਸਿੰਘ ਕਾਹਲੋਂ ਨੇ ਦੱਸਿਆ ਕਿ ਜਦੋਂ ਸ਼ਾਮ ਸਿੰਘ ਅਟਾਰੀ ਦੀ ਪਤਨੀ ਨੇ ਉਨ੍ਹਾਂ ਦੇ ਜਾਣ ਤੋਂ ਪਹਿਲਾਂ ਯਾਦਗਰ ਦੇ ਤੌਰ 'ਤੇ ਕੋਈ ਨਿਸ਼ਾਨੀ ਮੰਗੀ ਤਾਂ ਉਨ੍ਹਾਂ ਨੇ ਆਪਣੀ ਮਿਆਨ ਵਿਚੋਂ ਕਿਰਪਾਨ ਕੱਢ ਕੇ ਮਿਆਨ ਆਪਣੀ ਪਤਨੀ ਨੂੰ ਦੇ ਦਿੱਤੀ, ਜੋ ਅੱਜ ਵੀ ਸ਼ਾਮ ਸਿੰਘ ਅਟਾਰੀ ਦੀ ਯਾਦ ਦਿਵਾਉਂਦੀ ਹੈ। ਉਨ੍ਹਾਂ ਦੇ ਸਮਾਰਕ 'ਤੇ ਆ ਕੇ ਪਤਾ ਲਗਦਾ ਹੈ ਕਿ ਕਿਵੇਂ ਸੂਰਮੇ ਵੱਲੋਂ ਹੱਕ ਸੱਚ ਦੀ ਲੜਾਈ ਲਈ ਸ਼ਹੀਦੀ ਦਿੱਤੀ ਅਤੇ ਸਿੱਖ ਕੌਮ ਨੂੰ ਮਾਣਮੱਤੇ ਇਤਿਹਾਸ 'ਤੇ ਮਾਣ ਹੁੰਦਾ ਹੈ।
ਇਹ ਵੀ ਪੜ੍ਹੋ: ਕਿਸਾਨਾਂ ਨੇ ਕਿਹਾ-ਮੁਸਲਾਧਾਰ ਮੀਂਹ ਫ਼ਸਲਾਂ ਲਈ ਰਹੇਗਾ ਲਾਹੇਵੰਦ
ਸਤਨਾਮ ਸਿੰਘ ਨੇ ਗਿਲਾ ਜ਼ਾਹਰ ਕਰਦਿਆਂ ਕਿਹਾ ਕਿ ਭਾਵੇਂ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸ਼ਾਮ ਸਿੰਘ ਅਟਾਰੀ ਦੀ ਯਾਦ ਵਿੱਚ ਉਨ੍ਹਾਂ ਦੇ ਸਮਾਰਕ ਲਈ ਇੱਕ ਤੋਪ ਦਿੱਤੀ ਗਈ ਪਰ ਅੱਜ ਉਸ ਤੋਪ ਦੀ ਕੋਈ ਸਾਂਭ-ਸੰਭਾਲ ਨਹੀਂ ਕੀਤੀ ਜਾ ਰਹੀ। ਤੋਪ ਕੋਲ ਸਬਜ਼ੀਆਂ ਬੀਜੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਸ਼ਾਮ ਸਿੰਘ ਅਟਾਰੀ ਇਸ਼ਨਾਨ ਕਰਦੇ ਸਨ, ਉਸ ਤਲਾਬ ਵਿੱਚ ਕਿਸੇ ਸਮੇਂ ਚਹਿਲ-ਪਹਿਲ ਹੁੰਦੀ ਹੋਵੇਗੀ ਤੇ ਅੱਜ ਉੱਥੇ ਘਾਹ ਉੱਗਿਆ ਹੋਇਆ ਹੈ ਅਤੇ ਇੱਟਾਂ ਡਿੱਗ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਤਾਂ ਇਹ ਸੀ ਕਿ ਸਿੱਖ ਜਗਤ ਦੇ ਮਹਾਨ ਯੋਧੇ ਦੇ ਇਤਿਹਾਸ ਨੂੰ ਸਾਂਭਿਆ ਜਾਂਦਾ ਪਰ ਉਨ੍ਹਾਂ ਦੀ ਯਾਦ ਵਿੱਚ ਬਣੇ ਅਜਾਇਬ ਘਰ ਵਿੱਚ ਸ਼ਾਮ ਸਿੰਘ ਦੀਆਂ ਤਸਵੀਰਾਂ ਘੱਟ ਅਤੇ ਸਿਆਸੀ ਲੀਡਰਾਂ ਦੀਆਂ ਵੱਧ ਫੋਟੋਆਂ ਵੱਧ ਹਨ। ਕਾਹਲੋਂ ਨੇ ਕਿਹਾ ਕਿ ਇਹ ਲੀਡਰ ਸਿਰਫ਼ ਬਰਸੀ ਮੌਕੇ ਆਪਣੀ ਸਿਆਸਤ ਚਮਕਾਉਣ ਲਈ ਆਉਂਦੇ ਹਨ।