ਅੰਮ੍ਰਿਤਸਰ: ਪੰਜਾਬ ਸਰਕਾਰ (Punjab Government) ਦੀ ਨਵੇਂ ਕੈਬਨਿਟ ਦਾ ਵਿਸਥਾਰ ਹੋਣ ਜਾ ਰਿਹਾ ਹੈ। ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਮੰਤਰੀ ਮੰਡਲ ਦੀ ਫਾਈਨਲ ਲਿਸਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸੂਤਰਾਂ ਅਨੁਸਾਰ ਬ੍ਰਹਮ ਮਹਿੰਦਰਾ, ਰਾਣਾ ਗੁਰਜੀਤ, ਮਨਪ੍ਰੀਤ ਬਾਦਲ, ਤ੍ਰਿਪਤ ਰਜਿੰਦਰ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਅਰੁਣਾ ਚੌਧਰੀ, ਰਜ਼ੀਆ ਸੁਲਤਾਨਾ, ਡਾ. ਰਾਜ ਕੁਮਾਰ ਵੇਰਕਾ, ਭਰਤ ਭੂਸ਼ਣ ਆਸ਼ੂ, ਵਿਜੇ ਇੰਦਰ ਸਿੰਗਲਾ, ਗੁਰਕੀਰਤ ਕੋਟਲੀ, ਰਾਜਾ ਵੜਿੰਗ, ਸੰਗਤ ਸਿੰਘ ਗਿਲਜੀਆਂ, ਕਾਕਾ ਰਣਦੀਪ ਸਿੰਘ, ਪਰਗਟ ਸਿੰਘ, ਕੁਲਜੀਤ ਸਿੰਘ ਨਾਗਰਾ ਆਦਿ ਦੇ ਨਾਂਅ ਫਾਈਨਲ ਹੋ ਗਏ ਹਨ।
ਸੂਤਰਾ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਤੋਂ ਵਿਧਾਇਕ ਰਾਜ ਕੁਮਾਰ ਵੇਰਕਾ ਦਾ ਵੀ ਮੰਤਰੀ ਮੰਡਲ ਦੀ ਲਿਸਟ ਚ ਸ਼ਾਮਲ ਦੱਸਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਰਾਜ ਕੁਮਾਰ ਵੇਰਕਾ ਦੇ ਸਮਰਥਕਾਂ ਵਿਚਾਲੇ ਖੁਸ਼ੀ ਮਨਾਈ ਜਾ ਰਹੀ ਹੈ। ਵੇਰਕਾ ਦੇ ਘਰ ਦੇ ਬਾਹਰ ਉਨ੍ਹਾਂ ਦੇ ਸਮਰਥਕ ਭੰਗੜੇ ਪਾ ਕੇ ਅਤੇ ਮੂੰਹ ਮਿੱਠਾ ਕਰਕੇ ਖੁਸ਼ੀ ਮਨਾ ਰਹੇ ਹਨ।
ਉੱਥੇ ਹੀ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਦਾ ਕਹਿਣਾ ਹੈ ਕਿ ਡਾ. ਰਾਜ ਕੁਮਾਰ ਵੇਰਕਾ ਬਹੁਤ ਹੀ ਸੂਝਵਾਨ ’ਤੇ ਜੁਝਾਰੂ ਆਗੂ ਹਨ। ਉਹ ਗ਼ਰੀਬ ਪਰਿਵਾਰ ਚੋਂ ਹੀ ਉੱਠੇ ਹਨ ਤੇ ਦਲਿਤ ਸਮਾਜ ਦੀ ਸੇਵਾ ਕਰਦੇ ਆਏ ਹਨ। ਉਨ੍ਹਾਂ ਨੂੰ ਗ਼ਰੀਬਾਂ ਦੀ ਦੁੱਖ ਤਕਲੀਫ਼ ਦਾ ਪਤਾ ਹੈ।
6 ਦਿਨ ਬੀਤ ਜਾਣ ਮਗਰੋਂ ਵੀ ਪੰਜਾਬ ਕੈਬਨਿਟ ਦਾ ਨਹੀਂ ਹੋਇਆ ਐਲਾਨ
ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਲ ਰਾਤ ਕਾਂਗਰਸ ਲੀਡਰ ਰਾਹੁਲ ਗਾਂਧੀ ਵਲੋਂ ਦਿੱਲੀ ਬੁਲਾਇਆ ਸੀ, ਜਿੱਥੇ ਲੰਮੀ ਮੀਟਿੰਗ ਤੋਂ ਬਾਅਦ ਰਾਤ ਤਕਰੀਬਨ 11 ਵਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਪਸ ਮੁੜੇ। ਪੰਜਾਬ ਵਿਚ ਕਾਂਗਰਸ ਦਾ ਨਵਾਂ ਮੁੱਖ ਮੰਤਰੀ ਬਣਾਏ ਨੂੰ 6 ਦਿਨ ਬੀਤ ਗਏ ਹਨ ਪਰ ਅਜੇ ਤੱਕ ਨਵੀਂ ਕੈਬਨਿਟ ਦਾ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਕਾਂਗਰਸ ਹਾਈ ਕਮਾਨ ਅਜੇ ਤੱਕ ਫੈਸਲਾ ਨਹੀਂ ਲੈ ਪਾ ਰਹੀ ਹੈ ਕਿ ਕਿਸ ਨੂੰ ਮੰਤਰੀ ਮੰਡਲ ਵਿਚ ਰੱਖਿਆ ਜਾਵੇ ਅਤੇ ਕਿਸ ਨੂੰ ਬਾਹਰ ਕੀਤਾ ਜਾਵੇ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਤਿੱਖੇ ਤੇਵਰਾਂ ਕਾਰਣ ਕਾਂਗਰਸ ਹਾਈ ਕਮਾਨ ਦੁੱਚਿੱਤੀ ਵਿਚ ਹੈ ਕਿ ਜੇਕਰ ਕੈਪਟਨ ਦੇ ਸਹਿਯੋਗੀਆਂ ਨੂੰ ਕੈਬਨਿਟ ਵਿਚੋਂ ਬਾਹਰ ਕਰ ਦਿੱਤਾ ਗਿਆ ਤਾਂ ਉਹ ਵੀ ਕੈਪਟਨ ਦੇ ਨਾਲ ਹੀ ਨਾ ਹੋ ਜਾਣ।
ਇਹ ਵੀ ਪੜੋ: ਪੰਜਾਬ ਕੈਬਨਿਟ ਦਾ ਕੱਲ੍ਹ ਸਹੁੰ ਚੁੱਕ ਸਮਾਗਮ, ਜਾਣੋ ਕੌਣ-ਕੋਣ ਹੋਵੇਗਾ ਚੰਨੀ ਦੀ ਟੀਮ 'ਚ ਸ਼ਾਮਿਲ?