ਅੰਮ੍ਰਿਤਸਰ: ਪਿਛਲੇ ਦਿਨੀਂ 65 ਸਾਲਾ ਮਾਂ ਨੂੰ ਪੁੱਤਰ ਵੱਲੋਂ ਘਰੋਂ ਬੇਦਖ਼ਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। 65 ਸਾਲਾ ਔਰਤ ਰਣਜੀਤ ਕੌਰ ਨੇ ਦੋਸ਼ ਲਾਇਆ ਹੈ ਕਿ ਉਸ ਦੀ ਨੂੰਹ ਤੇ ਪੁੱਤਰ ਨੇ ਉਸ ਦੀ ਕੁੱਟਮਾਰ ਕੀਤੀ ਤੇ ਘਰ ਤੋਂ ਬਾਹਰ ਕੱਢ ਦਿੱਤਾ। ਇਸ ਕਰਕੇ ਉਹ ਗੁਰੂ ਘਰ ਜਾਂ ਨਜ਼ਦੀਕੀ ਰਿਸ਼ਤੇਦਾਰਾਂ ਦੇ ਘਰ ਰਹਿ ਕੇ ਦਿਨ ਲੰਘਾ ਰਹੀ ਹੈ।
ਮਾਂ ਵੱਲੋਂ ਲਾਏ ਗਏ ਇਲਜ਼ਾਮ ਬਿਲਕੁਲ ਗ਼ਲਤ
ਦੂਜੇ ਪਾਸੇ ਬਜ਼ੁਰਗ ਔਰਤ ਦਾ ਪੁੱਤਰ ਜਰਮਨਜੀਤ ਤੇ ਉਸ ਦੀ ਪਤਨੀ ਮੀਡੀਆ ਦੇ ਸਾਹਮਣੇ ਆਏ ਤੇ ਉਨ੍ਹਾਂ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਕੋਈ ਵੀ ਮਾਂ ਦੀ ਕੀਮਤ ਨਹੀਂ ਦੇ ਸਕਦਾ, ਪਰ ਮਾਂ ਕਾਰਨ ਘਰ ਵਿੱਚ ਹਮੇਸ਼ਾ ਲੜਾਈ ਝਗੜਾ ਹੁੰਦਾ ਰਹਿੰਦਾ ਸੀ। ਜਰਮਨ ਨੇ ਕਿਹਾ ਕਿ ਲੜਾਈ ਸੱਸ ਨੂੰਹ ਦੀ ਹੈ, ਪਰ ਨਿਸ਼ਾਨਾ ਉਸ ਨੂੰ ਬਣਾਇਆ ਜਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦੀ ਮਾਂ ਦੀ ਵਜ੍ਹਾ ਕਰਕੇ ਉਸ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਗਿਆ ਸੀ ਅਤੇ ਹੁਣ ਮਾਂ ਦਾ ਦੂਜੀ ਪਤਨੀ ਨਾਲ ਵੀ ਝਗੜਾ ਰਹਿੰਦਾ ਸੀ।
ਮਾਤਾ ਜੀ ਜਦੋਂ ਮਰਜ਼ੀ ਘਰ ਆ ਕੇ ਰਹਿ ਸਕਦੇ ਹਨ
ਰਣਜੀਤ ਕੌਰ ਦੀ ਨੂੰਹ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਤਾ ਜੀ ਨੂੰ ਘਰੋਂ ਬਾਹਰ ਨਹੀਂ ਕੱਢਿਆ ਗਿਆ ਤੇ ਨਾ ਹੀ ਕੋਈ ਹਮਲਾ ਕੀਤਾ ਗਿਆ ਹੈ। ਮਾਤਾ ਜੀ ਨੇ ਉਸ ਨੂੰ ਵੀ ਗਰਭਪਾਤ ਵੇਲੇ ਕਾਫ਼ੀ ਤੰਗ ਕੀਤਾ ਸੀ ਪਰ ਫਿਰ ਵੀ ਉਨ੍ਹਾਂ ਨੇ ਇਸ ਮਾਮਲੇ ਨੂੰ ਨਜ਼ਰਅੰਦਾਜ਼ ਕੀਤਾ। ਉਸ ਦਾ ਕਹਿਣਾ ਹੈ ਕਿ ਮਾਤਾ ਜੀ ਦਾ ਘਰ ਵਿੱਚ 'ਵੈਲਕਮ' ਹੈ। ਜੇਕਰ ਮਾਤਾ ਜੀ ਚਾਹੁੰਦੇ ਹਨ ਕਿ ਉਹ ਇਕੱਲੇ ਘਰ ਵਿੱਚ ਰਹਿਣ ਤੇ ਮੈਂ ਨਾ ਰਹਾਂ, ਤਾਂ ਇਦਾਂ ਨਹੀਂ ਹੋ ਸਕਦਾ। ਉਹ ਇਸ ਘਰ ਤੋਂ ਨਹੀਂ ਜਾਵੇਗੀ ਤੇ ਮਾਤਾ ਜੀ ਜਦੋਂ ਮਰਜ਼ੀ ਆ ਕੇ ਇਸ ਘਰ ਵਿੱਚ ਰਹਿ ਸਕਦੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਇਸ ਮਸਲੇ 'ਤੇ ਰਾਜਨੀਤੀ ਨਾ ਕਰਨ ਦੀ ਗੱਲ ਆਖੀ ਹੈ।
ਲੋਕ ਇਨਸਾਫ਼ ਪਾਰਟੀ ਦੇ ਧਾਰਮਿਕ ਵਿੰਗ ਪ੍ਰਧਾਨ ਮਾਤਾ ਦੇ ਹੱਕ ਵਿੱਚ ਨਿੱਤਰੇ
ਲੋਕ ਇਨਸਾਫ਼ ਪਾਰਟੀ ਦੇ ਧਾਰਮਿਕ ਵਿੰਗ ਪ੍ਰਧਾਨ ਜਗਜੋਤ ਸਿੰਘ ਖ਼ਾਲਸਾ ਅਤੇ ਪਾਰਟੀ ਵਰਕਰਾਂ ਨੇ ਮਾਤਾ ਜੀ ਨੂੰ ਇਨਸਾਫ਼ ਦਿਵਾਉਣ ਲਈ ਪੁਲਿਸ ਕਮਿਸ਼ਨਰ ਨਾਲ ਗੱਲ ਕੀਤੀ ਸੀ ਤਾਂ ਕਿ ਮਾਤਾ ਨੂੰ ਇਨਾਸਫ਼ ਮਿਲ ਸਕੇ ਤੇ ਰਹਿਣ ਲਈ ਘਰ ਮਿਲ ਸਕੇ।
ਇਸ ਸਬੰਧੀ ਮਾਤਾ ਦੀ ਨੂੰਹ ਤੇ ਪੁੱਤਰ ਨੇ ਕਿਹਾ ਕਿ ਜਿਹੜੇ ਲੋਕ ਇਨ੍ਹਾਂ ਗੱਲਾਂ ਬਾਰੇ ਰਾਜਨੀਤੀ ਕਰ ਰਹੇ ਹਨ, ਉਹ ਸਿਆਸਤ ਨਾ ਕਰਨ। ਇਸ ਦੇ ਨਾਲ ਹੀ ਜਰਮਨਜੀਤ ਨੇ ਕਿਹਾ ਕਿ ਜਿਹੜੀ ਉਨ੍ਹਾਂ ਦੀ ਮਾਂ ਪੈਸਿਆਂ ਦੀ ਗੱਲ ਕਰਦੀ ਹੈ, ਉਸ ਬਾਰੇ ਉਹ ਪੁਲਿਸ ਤੋਂ ਮੰਗ ਕਰਦੇ ਹਨ ਕਿ ਇਸ ਸਬੰਧੀ ਉਨ੍ਹਾਂ ਦੇ ਬੈਂਕ ਖਾਤੇ ਤੇ ਉਨ੍ਹਾਂ ਦੀ ਮਾਂ ਦੇ ਬੈਂਕ ਖਾਤੇ ਦੀ ਜਾਂਚ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਇਸ ਨੂੰ ਮੁੱਦਾ ਬਣਾਇਆ ਹੈ, ਉਹ ਉਨ੍ਹਾਂ ਦੇ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰੇਗਾ। ਹੁਣ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਮਾਮਲੇ ਵਿੱਚ ਕੌਣ ਕਸੂਰਵਾਰ ਹੈ?