ਅੰਮ੍ਰਿਤਸਰ: ਜੂਨ 1984 ਵਿੱਚ ਸ਼ਹੀਦ ਹੋਣ ਵਾਲੇ ਪਹਿਲੇ ਸ਼ਹੀਦ ਮਹਿੰਗਾ ਸਿੰਘ ਬੱਬਰ ਅਤੇ ਸ਼ਹੀਦ ਅਵਤਾਰ ਸਿੰਘ ਪਾਰੋਵਾਲ ਦੀਆਂ ਤਸਵੀਰਾਂ ਸਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤੀਆਂ ਗਈਆਂ ਹਨ। ਇਸ ਮੌਕੇ ਸ਼ਹੀਦਾਂ ਦੀਆਂ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੂਨ 1984 ਵਿੱਚ ਭਾਰਤੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤਾ। ਇਸ ਵਿੱਚ ਭਾਈ ਮਹਿੰਗਾ ਸਿੰਘ ਬੱਬਰ ਅਤੇ ਕੀਰਤਨ ਦੀ ਸੇਵਾ ਕਰਨ ਵਾਲੇ ਭਾਈ ਅਵਤਾਰ ਸਿੰਘ ਪਾਰੋਵਾਲ ਸ਼ਹੀਦੀ ਪ੍ਰਾਪਤ ਕਰ ਗਏ। ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਮਹਿੰਗਾ ਬੱਬਰ ਦੇ ਸੰਸਕਾਰ ਮੌਕੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਵੀ ਪਹੁੰਚੇ।
ਭਾਈ ਲੌਂਗੋਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਨੇ ਸਿੱਖਾਂ ਦੇ ਮਹਾਨ ਅਸਥਾਨ 'ਤੇ ਹਮਲਾ ਕਰਵਾਇਆ ਸੀ, ਜਿਸ ਦਾ ਸਿੱਖਾਂ ਨੇ ਡੱਟ ਕੇ ਮੁਕਾਬਲਾ ਕੀਤਾ ਅਤੇ ਸ਼ਹੀਦੀ ਪਾ ਗਏ, ਸਿੱਖ ਕੌਮ ਨੂੰ ਸ਼ਹੀਦਾਂ 'ਤੇ ਸਦਾ ਮਾਣ ਰਹੇਗਾ। ਸ਼ਹੀਦਾਂ ਦੇ ਸ਼ਹਾਦਤ ਦੇ ਸਨਮੁੱਖ ਇਹ ਤਸਵੀਰਾਂ ਲਾਈਆਂ ਗਈਆਂ ਹਨ।
ਸ਼ਹੀਦਾਂ ਦੇ ਪਰਵਾਰਿਕ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਉੱਥੇ ਹੀ ਜਦੋਂ ਪੱਤਰਕਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਵਾਲ ਕੀਤਾ ਕਿ ਬੀਬੀ ਕਿਰਨਜੋਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦਾ ਅਹੁਦਾ ਕਿਉਂ ਨਹੀਂ ਲਿਆ ਤਾਂ ਪ੍ਰਧਾਨ ਜੀ ਸਵਾਲ ਤੋਂ ਪਾਸਾ ਵੱਟ ਗਏ।