ਅੰਮ੍ਰਿਤਸਰ: ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਜਿੱਥੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੌਮਣੀ ਕਮੇਟੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉੱਥੇ ਹੀ ਇਸ ਮੌਕੇ ਸ਼੍ਰੌਮਣੀ ਕਮੇਟੀ ਵੱਲੋਂ ਦੋ ਮੰਗ ਪੱਤਰ ਰਾਸ਼ਟਰਪਤੀ ਨੂੰ ਦਿੱਤੇ ਗਏ। ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤੇ ਗਏ, ਮੰਗ ਪੱਤਰ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈਕੇ ਮੁੱਦੇ ਰੱਖੇ ਗਏ ਹਨ। ਦੂਜੇ ਪਾਸੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼੍ਰੋਮਣੀ ਕਮੇਟੀ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਮੁੱਦੇ ਉੱਤੇ ਵਿਚਾਰ ਕਰਨਗੇ।
ਰਾਜਪਾਲ ਅਤੇ ਸੀਐੱਮ ਮਾਨ ਵੀ ਸਨ ਨਾਲ: ਦੱਸ ਦਈਏ ਸੱਚਖੰਡ ਵਿਖੇ ਨਤਮਸਤਕ ਹੋਣ ਸਮੇਂ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਸਨ। ਸ਼੍ਰੋਮਣੀ ਕਮੇਟੀ ਵੱਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸ਼ਾਲ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਭੇਂਟ ਕੀਤਾ ਗਿਆ। ਇਸ ਮੌਕੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਮੁੱਖ ਮੰਤਰੀ ਨਾਲ ਇਹ ਦੌਰਾ ਕੋਈ ਅਧਿਕਾਰਿਕ ਦੌਰਾ ਨਹੀਂ ਸੀ ਅਤੇ ਉਹ ਮੱਥਾ ਟੇਕਣ ਲਈ ਆਏ ਹਨ। ਇਸ ਤੋਂ ਇਲਾਵਾ ਰਾਸ਼ਟਰਪਤੀ ਵੱਲੋਂ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਗਿਆ ਅਤੇ ਬਰਤਨਾਂ ਦੀ ਸੇਵਾ ਵੀ ਕੀਤੀ ਗਈ। ਰਾਸ਼ਟਰਪਤੀ ਵੱਲੋਂ ਗੁਰਬਾਣੀ ਦਾ ਕੀਰਤਨ ਵੀ ਸਰਵਣ ਕੀਤਾ ਗਿਆ ਅਤੇ ਇਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਵਿਖੇ ਵੀ ਉਹ ਨਤਮਸਤਕ ਹੋਏ।
ਗੁਰੂ ਨਗਰੀ ਵਿੱਚ ਜੀ-20 ਸੰਮੇਲਨ: ਦੱਸ ਦਈਏ ਰਾਸ਼ਟਰਪਤੀ ਦਾ ਇਹ ਦੌਰਾ ਜਿੱਥੇ ਐੱਸਜੀਪੀਸੀ ਵੱਲੋਂ ਦਿੱਤੇ ਗਏ ਮੰਗ ਪੱਤਰ ਕਰਕੇ ਸੁਰਖੀਆਂ ਵਿੱਚ ਹੈ ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਵਿੱਚ ਜੀ-20 ਸੰਮੇਲਨ ਵੀ ਥੋੜ੍ਹੇ ਸਮੇਂ ਦੇ ਅੰਦਰ ਹੋਣ ਜਾ ਰਿਹਾ ਅਤੇ ਜਿੱਥੇ ਜੀ-20 ਸੰਮੇਲਨ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਧਿਕਾਰੀ ਵੱਡੇ ਵੱਡੇ ਦਾਅਵੇ ਕਰ ਰਹੇ ਨੇ। ਉੱਥੇ ਹੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਇਹ ਦੌਰਾ ਜੀ-20 ਸੰਮੰਲਨ ਤੋਂ ਪਹਿਲਾਂ ਸੁਰਖੀਆਂ ਵਿੱਚ ਰਹਿਣਾ ਲਾਜ਼ਮੀ ਹੈ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਸ਼੍ਰੋਮਣੀ ਕਮੇਟੀ ਲਈ ਗਲ਼ੇ ਦੀ ਹੱਡੀ ਬਣੇ ਐੱਚਐੱਸਜੀਪੀਸੀ ਦੇ ਐਕਸ਼ਨਾਂ ਦੇ ਵਿਰੁੱਧ ਦਿੱਤੇ ਮੰਗ ਪੱਤਰ ਵੀ ਸੁਰਖੀਆਂ ਵਿੱਚ ਨੇ। ਹੁਣ ਦੇਖਣਾ ਹੇਵੇਗਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼੍ਰੋਮਣੀ ਕਮੇਟੀ ਨੂੰ ਜੋ ਭਰੋਸਾ ਦਿਵਾਇਆ ਹੈ ਉਸ ਸਬੰਧ ਵਿੱਚ ਕੋਈ ਐਕਸ਼ਨ ਹੁੰਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ: Boys entered the girls college: ਹੋਲੀ ਵਾਲੇ ਦਿਨ ਕੁੜੀਆਂ ਦੇ ਕਾਲਜ 'ਚ ਵੜਿਆ ਸਿਰਾਫਿਰਾ ਨੌਜਵਾਨ, ਦੇਖੋ ਸੀਸੀਟੀਵੀ