ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸੋਮਵਾਰ ਨੂੰ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਮੀਟਿੰਗ ਸੱਦੀ, ਜੋ ਕਿ ਖ਼ਤਮ ਹੋ ਗਈ ਹੈ। ਇਸ ਮੀਟਿੰਗ 'ਚ 60 ਤੋਂ 70 ਸਿੱਖ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਗਿਆ ਸੀ। ਮੀਟਿੰਗ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਫੜ੍ਹੇ ਗਏ ਸਿੱਖ ਨੌਜਵਾਨ ਰਿਹਾਅ ਨਾ ਕੀਤੇ ਗਏ ਤਾਂ ਅਸੀਂ ਵੱਡਾ ਐਕਸ਼ਨ ਲਵਾਂਗੇ।
ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ: ਮੀਟਿੰਗ ਤੋਂ ਬਾਅਦ ਬਾਹਰ ਆਏ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ ਦੇਣ 'ਤੇ ਸਹਿਮਤੀ ਬਣੀ ਹੈ ਅਤੇ ਉਸ ਤੋਂ ਬਾਅਦ ਵੱਡੀ ਕਾਰਵਾਈ ਕੀਤੀ ਜਾਵੇਗੀ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੌਮ ਨੂੰ ਸੁਨੇਹਾ ਦਿੰਦਿਆਂ ਆਪਣਾ ਅੰਤਿਮ ਫੈਸਲਾ ਸੁਣਾਇਆ ਜਾਣਾ ਬਾਕੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਫ਼ਤਰ ਵਿਖੇ ਹੋਈ ਮੀਟਿੰਗ ਵਿੱਚ ਜਥੇਬੰਦੀ ਨੂੰ ਬੋਲਣ ਲਈ ਦੋ-ਦੋ ਮਿੰਟ ਦਾ ਸਮਾਂ ਦਿੱਤਾ ਗਿਆ। ਇਸ ਸਮੇਂ ਸਿਰਫ ਸੁਝਾਅ ਲਏ ਗਏ ਅਤੇ ਫਿਲਹਾਲ ਗਿਆਨੀ ਹਰਪ੍ਰੀਤ ਸਿੰਘ ਹੁਣ ਆਪਣਾ ਅੰਤਿਮ ਫੈਸਲਾ ਲੈਣ 'ਤੇ ਵਿਚਾਰ ਕਰ ਰਹੇ ਹਨ।
ਫੜ੍ਹੇ ਗਏ ਨੌਜਵਾਨ ਰਿਹਾਅ ਕੀਤੇ ਜਾਣ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਿਸ਼ੇਸ਼ ਮੀਟਿੰਗ ਬੁਲਾਈ ਗਈ ਸੀ। ਇਸ ਵਿੱਚ ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਤੇ ਹੋਰ ਕਈ ਸਿੱਖ ਸ਼ੁੱਭ ਚਿੰਤਕਾਂ ਨੇ ਹਿੱਸਾ ਲਿਆ। ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਨੂੰ 24 ਘੰਟਿਆਂ ਵਿੱਚ ਫੜ੍ਹੇ ਗਏ ਸਿੱਖ ਨੌਜਵਾਨਾਂ ਨੂੰ ਛੱਡਣ ਲਈ ਕਿਹਾ ਹੈ, ਨਹੀਂ ਤਾਂ, ਪੰਜਾਬ ਦੇ ਵੱਖ ਵੱਖ ਥਾਵਾਂ ਉੱਤੇ ਖਾਲਸਾ ਵਹੀਰ ਚਲਾਈ ਜਾਵੇਗੀ ਅਤੇ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ।
ਡੀਐਸਜੀਐਮਸੀ ਵੀ ਲੜ੍ਹੇਗੀ ਕਾਨੂੰਨੀ ਲੜਾਈ: ਉੱਥੇ ਹੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਭੁੱਲਰ ਵੀ ਮੀਟਿੰਗ ਵਿੱਚ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਵੀ ਆਪਣੇ ਸੁਝਾਅ ਦਿੱਤੇ ਗਏ, ਤਾਂ ਜੋ ਉਨ੍ਹਾਂ ਉੱਤੇ ਅਮਲ ਹੋ ਸਕੇ, ਤਾਂਕਿ ਬਾਅਦ ਵਿੱਚ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਲਈ ਕੋਈ ਮੁਸ਼ਕਲ ਪੈਦਾ ਨਾ ਹੋਵੇ। ਉਨ੍ਹਾਂ ਕਿਹਾ ਡੀਐਸਜੀਐਮਸੀ ਵੀ ਫੜ੍ਹੇ ਗਏ ਸਿੱਖ ਨੌਜਵਾਨਾਂ ਦੀ ਕਾਨੂੰਨੀ ਲੜਾਈ ਲੜ੍ਹੇਗੀ।
ਨੈਸ਼ਨਲ ਮੀਡੀਆ ਖਿਲਾਫ ਕਰਾਂਗੇ ਕਾਨੂੰਨੀ ਕਾਰਵਾਈ: ਇਸ ਤੋਂ ਇਲਾਵਾ, ਜਿਸ ਨੈਸ਼ਨਲ ਮੀਡੀਆ ਨੇ ਸਿੱਖਾਂ ਦੇ ਅਕਸ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਹੈ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਜਿਹੜੇ ਨੌਜਵਾਨਾਂ ਉੱਤੇ ਐਨਐਸਏ ਲਾਈ ਗਈ ਹੈ, ਉਨ੍ਹਾਂ ਦੀ ਇਸ ਕਾਰਵਾਈ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਬੰਧਤ ਪਰਿਵਾਰ ਸਾਡੇ ਨਾਲ ਸੰਪਰਕ ਕਰ ਸਕਦੇ ਹਨ।
ਸਿਆਸੀ ਪਾਰਟੀਆਂ ਨਹੀਂ ਰਹੀਆਂ ਮੀਟਿੰਗ ਦਾ ਹਿੱਸਾ: ਇਸ ਮੀਟਿੰਗ ਵਿੱਚ ਖਾਸ ਗੱਲ ਇਹ ਰਹੀ ਕਿ ਇਸ ਵਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੁਲਾਈ ਗਈ ਇਸ ਮੀਟਿੰਗ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਨਹੀਂ ਬੁਲਾਇਆ ਗਿਆ। ਇਸ ਲਈ ਸਿਰਫ਼ ਸਿੱਖ ਜਥੇਬੰਦੀਆਂ ਤੇ ਸਿੱਖ ਸ਼ੁੱਭ ਚਿੰਤਕਾ ਨੂੰ ਹੀ ਸੱਦਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Search Opration Amritpal Live update: ਭਾਰਤੀ ਦੂਤਾਵਾਸ ਨੇ ਨੇਪਾਲ ਸਰਕਾਰ ਨੂੰ ਲਿਖੀ ਚਿੱਠੀ, ਨੇਪਾਲ 'ਚ ਲੁੱਕਿਆ ਹੈ ਅੰਮ੍ਰਿਤਪਾਲ !