ਅੰਮ੍ਰਿਤਸਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਭਰਮਾਉਣ ਲਈ ਬਹੁਤ ਉਦਘਾਟਨ ਸਮਾਰੋਹ ਹੁੰਦੇ ਰਹੇ ਪਰ ਲੋਕਾਂ ਦੀ ਬੁਨਿਆਦੀ ਸੁਵਿਧਾਵਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਜਿਸ ਦੀ ਤਾਜ਼ਾ ਉਦਾਹਰਣ ਗੁਰੂਨਗਰੀ 'ਚ ਹੀ ਵੇਖਣ ਨੂੰ ਮਿਲੀ। ਇੱਥੇ ਇਸਲਾਮਾਬਾਦ ਚ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ 25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਿਆ ਪਰ ਸੀਵਰੇਜ ਦੀ ਸਮੱਸਿਆ ਉਨ੍ਹਾਂ ਜ਼ਰੂਰੀ ਨਹੀਂ ਸਮਝਿਆ।
ਸਮੱਸਿਆ ਨਾਲ ਜੂਝ ਰਹੇ ਇਲਾਕਾ ਨਿਵਾਸੀ ਇੱਕ ਬਜ਼ੁਰਗ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਨਵਜੋਤ ਸਿੰਘ ਸਿੱਧੂ ਦੇ ਨੀਂਹ ਪੱਥਰ ਸਮਾਗਮ 'ਚ ਸ਼ਾਮਲ ਹੋਏ ਸਨ ਤੇ ਉਨ੍ਹਾਂ ਸਿੱਧੂ ਨੂੰ ਸਮੱਸਿਆ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਸਮਾਰੋਹ ਕਰਨ ਤੋਂ ਬਾਅਦ ਉਥੋਂ ਚਲੇ ਗਏ। ਹਾਲਾਂਕਿ ਵਿਧਾਇਕ ਡਾ. ਰਾਜਕੁਮਾਰ ਵੇਰਕਾ ਨੇ ਬਜ਼ੁਰਗ ਨੂੰ ਸੀਵਰੇਜ ਦੀ ਪਰੇਸ਼ਾਨੀ ਠੀਕ ਕੀਤੇ ਜਾਣ ਦਾ ਭਰੋਸਾ ਦਿਵਾਇਆ।
ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਬੀਤੇ ਕਾਫ਼ੀ ਸਮੇਂ ਤੋਂ ਸੀਵਰੇਜ ਬੰਦ ਪਿਆ ਹੈ ਜਿਸ ਕਾਰਨ ਗਲੀਆਂ 'ਚ ਪਾਣੀ ਭਰਿਆ ਰਹਿੰਦਾ ਹੈ। ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਗੰਦਗੀ ਨਾਲ ਬੀਮਾਰੀ ਫ਼ੈਲਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ।